ਲੁਧਿਆਣਾ: ਆਮ ਆਦਮੀ ਪਾਰਟੀ ਵਲੋਂ ਇੰਡੀਆ ਗਠਜੋੜ ਦੀਆਂ ਹੋਰ ਸਹਿਯੋਗੀ ਪਾਰਟੀਆਂ ਦੇ ਨਾਲ-ਮਿਲ ਕੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਭਲਕੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਡੀ ਗਿਣਤੀ ਅੰਦਰ ਆਮ ਆਦਮੀ ਪਾਰਟੀ ਦੇ ਵਰਕਰ, ਵਿਧਾਇਕ ਅਤੇ ਹੋਰ ਆਗੂ ਹਿੱਸਾ ਲੈਣਗੇ ਅਤੇ ਭਾਜਪਾ ਦੇ ਖਿਲਾਫ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਕਾਂਗਰਸ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਵੇਗੀ। ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਪੰਜਾਬ ਦੇ ਵਿੱਚ ਵੀ ਵਿਧਾਇਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਵਿਧਾਇਕ ਵੱਡੀ ਗਿਣਤੀ ਦੇ ਵਿੱਚ ਵਰਕਰ ਲੈ ਕੇ ਦਿੱਲੀ ਵੱਲ ਰਵਾਨਾ ਹੋਣੇ ਸ਼ੁਰੂ ਹੋ ਚੁੱਕੇ ਹਨ।
ਕੇਂਦਰੀ ਜਾਂਚ ਏਜੰਸੀ ਦਾ ਗਲਤ ਇਸਤੇਮਾਲ: ਇਸ ਸਬੰਧੀ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਭਾਜਪਾ ਦੀ ਜੋ ਮਨਮਾਨੀਆਂ ਚੱਲ ਰਹੀਆਂ ਹਨ। ਜਿਸ ਤਰ੍ਹਾਂ ਕੇਂਦਰੀ ਜਾਂਚ ਏਜੰਸੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਫਿਰ ਉਸ ਦੀ ਪਾਰਟੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੇ ਖਿਲਾਫ ਸਾਰੀਆਂ ਪਾਰਟੀਆਂ ਗਠਜੋੜ ਦੇ ਤਹਿਤ ਕੱਲ੍ਹ ਇੱਕਜੁੱਟ ਹੋ ਰਹੀਆਂ ਹਨ ਅਤੇ ਇੱਕ ਵੱਡਾ ਮੁਜ਼ਾਹਰਾ ਭਾਜਪਾ ਦੇ ਖਿਲਾਫ ਕੀਤਾ ਜਾ ਰਿਹਾ ਹੈ।