ਬਠਿੰਡਾ: ਨਗਰ ਨਿਗਮ ਬਠਿੰਡਾ ਦੇ ਇੱਕੋ-ਇੱਕ ਵਾਰਡ ਨੰਬਰ 48 ਵਿੱਚ ਹੋਣ ਜਾ ਰਹੀ ਕੌਂਸਲਰ ਦੀ ਚੋਣ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ 48 ਨੰਬਰ ਵਾਰਡ ਤੋਂ ਲਗਾਤਾਰ ਸੱਤ ਵਾਰ ਕੌਂਸਲਰ ਰਹੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਇਸ ਚੋਣ ਤੋਂ ਦੂਰੀ ਬਣਾਈ ਹੋਈ ਹੈ। ਜਿਸ ਪਿੱਛੇ ਵੱਡਾ ਕਾਰਨ ਇਹ ਹੈ ਕਿ ਜਿਸ ਦਿਨ ਨਗਰ ਨਿਗਮ ਚੋਣਾਂ ਦਾ ਐਲਾਨ ਹੋਇਆ ਤਾਂ ਉਸ ਦਿਨ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਬਲਵਿੰਦਰ ਸਿੰਘ ਬਿੰਦਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।
AAP MLA ਨੇ ਬਣਾਈਆਂ ਦੂਰੀਆਂ (Etv Bharat ਪੱਤਰਕਾਰ ਬਠਿੰਡਾ) ਨਗਰ ਨਿਗਮ ਚੋਣਾਂ ਕਾਰਨ ਵਿਧਾਇਕ ਦੀਆਂ ਦੂਰੀਆਂ
ਇਸ ਦੌਰਾਨ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਮਹਿਤਾ ਵੱਲੋਂ ਵਾਰਡ ਨੰਬਰ 48 ਤੋਂ ਆਪਣੇ ਪੁੱਤ ਪਦਮਜੀਤ ਮਹਿਤਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਉਤਾਰਿਆ ਗਿਆ ਅਤੇ ਬਲਵਿੰਦਰ ਸਿੰਘ ਬਿੰਦਰ ਦੀ ਟਿਕਟ ਕਟਵਾ ਦਿੱਤੀ ਗਈ। ਇਸ ਘਟਨਾਕ੍ਰਮ ਤੋਂ ਬਾਅਦ ਲਗਾਤਾਰ ਪਾਰਟੀ ਹਾਈ ਕਮਾਂਡ ਵੱਲੋਂ ਭਾਵੇਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਜਗਰੂਪ ਸਿੰਘ ਗਿੱਲ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਵੱਲੋਂ ਲਗਾਤਾਰ ਇਸ ਚੋਣ ਮੁਹਿੰਮ ਤੋਂ ਦੂਰੀ ਬਣਾਈ ਹੋਈ ਹੈ।
ਆਪ ਪ੍ਰਧਾਨ ਨੇ ਆਖੀ ਇਹ ਗੱਲ
ਭਾਵੇਂ ਇਹਨਾਂ ਦੂਰੀਆਂ ਨੂੰ ਮਿਟਾਉਣ ਲਈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਇੱਕ ਚੋਣ ਮੁਹਿੰਮ ਨੂੰ ਸੰਬੋਧਨ ਕਰਨ ਲਈ ਪਹੁੰਚੇ ਪਰ ਚੋਣ ਮੁਹਿੰਮ ਤੋਂ ਜਗਰੂਪ ਸਿੰਘ ਗਿੱਲ ਵੱਲੋਂ ਦੂਰੀ ਬਣਾਈ ਰੱਖੀ ਗਈ। ਜਦੋਂ ਇਸ ਸਬੰਧੀ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਪਰ ਹਾਂ ਜੋ ਪਾਰਟੀ ਦੇ ਸਿੰਬਲ 'ਤੇ ਚੋਣ ਲੜ ਰਿਹਾ ਹੈ ਉਹੀ ਪਾਰਟੀ ਦਾ ਉਮੀਦਵਾਰ ਹੈ।
ਮੁੱਛ ਦਾ ਸਵਾਲ ਬਣੀ ਚੋਣ
ਇਸ ਘਟਨਾਕ੍ਰਮ ਤੋਂ ਬਾਅਦ ਬਠਿੰਡਾ ਸ਼ਹਿਰ ਦੀ ਸਿਆਸਤ ਪੂਰੀ ਤਰਹਾਂ ਗਰਮਾਈ ਹੋਈ ਹੈ ਕਿਉਂਕਿ ਇੱਕ ਪਾਸੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਦੂਸਰੇ ਪਾਸੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਮਹਿਤਾ ਵਾਰਡ ਨੰਬਰ 48 ਦੀ ਚੋਣ ਨੂੰ ਨੱਕ ਦਾ ਸਵਾਲ ਬਣਾਈ ਬੈਠੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਲੋਕ ਕਿਸ ਨੂੰ ਫਤਵਾ ਦਿੰਦੇ ਹਨ, ਕਿਉਂਕਿ ਜਗਰੂਪ ਸਿੰਘ ਗਿੱਲ ਵੱਲੋਂ ਜਿਸ ਵਿਅਕਤੀ ਨੂੰ ਟਿਕਟ ਦਵਾਈ ਗਈ ਸੀ, ਉਹ ਵਿਅਕਤੀ ਹੁਣ ਆਜ਼ਾਦ ਚੋਣ ਲੜ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਕੌਂਸਲਰ ਰਤਨ ਰਾਹੀ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਗਈ ਹੈ।