ਚੰਡੀਗੜ੍ਹ: ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ 13 ਸੀਟਾਂ 'ਤੇ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਦੇ ਚੱਲਦੇ ਜਿਥੇ 'ਆਪ' ਉਮੀਦਵਾਰ ਚੋਣ ਪ੍ਰਚਾਰ 'ਚ ਡਟੇ ਹੋਏ ਹਨ ਤਾਂ ਉਥੇ ਹੀ ਕਈ ਉਮੀਦਵਾਰਾਂ ਨੂੰ ਪਾਰਟੀ ਦੇ ਹੋਰ ਲੀਡਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਕਈ ਕੁਝ ਅਜਿਹੇ ਲੀਡਰ ਵੀ ਨੇ ਜੋ ਲੋਕ ਸਭਾ ਟਿਕਟ ਲਈ ਆਸ ਲਗਾਈ ਬੈਠੇ ਸਨ ਪਰ ਜਦੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਉਹ ਪਾਰਟੀ ਛੱਡ ਰਹੇ ਹਨ।
ਟਿਕਟ ਨਾ ਮਿਲਣ ਤੋਂ ਸੀ ਨਾਰਾਜ਼: ਲੁਧਿਆਣਾ ਵਿੱਚ ਇੱਕ ਹੋਟਲ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੱਸੀ ਖੰਗੂੜਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜੱਸੀ ਖੰਗੂੜਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਜੱਸੀ ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਪਾਰਟੀ ਨੇ ਜੱਸੀ 'ਤੇ ਭਰੋਸਾ ਜਤਾਉਣ ਦੀ ਬਜਾਏ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੂ ਨੂੰ ਟਿਕਟ ਦੇ ਦਿੱਤੀ। ਜਿਸ ਕਾਰਨ ਜੱਸੀ ਪਾਰਟੀ ਤੋਂ ਨਾਰਾਜ਼ ਸੀ ਤੇ ਕਿਹਾ ਜਾ ਰਿਹਾ ਹੈ ਕਿ ਇਸੇ ਕਾਰਨ ਉਨ੍ਹਾਂ ਵਲੋਂ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਗਿਆ ਹੈ।
ਸਾਬਕਾ ਵਿਧਾਇਕ ਨੇ AAP ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ ਕਿਲਾ ਰਾਏਪੁਰ ਤੋਂ ਰਹਿ ਚੁੱਕੇ ਹਨ ਵਿਧਾਇਕ: ਦੱਸ ਦਈਏ ਕਿ ਜਸਵੀਰ ਸਿੰਘ ਜੱਸੀ ਖੰਗੂੜਾ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ। ਜਸਬੀਰ ਸਿੰਘ ਜੱਸੀ ਖੰਗੂੜਾ ਨੇ ਕਿਲਾ ਰਾਏਪੁਰ ਤੋਂ 2007 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਜਿੱਤੀਆਂ। ਇਸ ਤੋਂ ਬਾਅਦ ਉਹ ਮੁੱਲਾਂਪੁਰ ਦਾਖਾ ਤੋਂ 2012 ਦੀ ਚੋਣ ਹਾਰ ਗਏ। ਉਹ ਇਸ ਵਾਰ ਵੀ ਇੱਥੋਂ ਚੋਣ ਲੜਨਾ ਚਾਹੁੰਦੇ ਸਨਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਵੱਡੇ ਕਾਰੋਬਾਰੀਆਂ 'ਚ ਜੱਸੀ ਖੰਗੂੜਾ ਦਾ ਆਉਂਦਾ ਹੈ ਨਾਮ: ਕਾਬਿਲੇਗੌਰ ਹੈ ਕਿ ਜੱਸੀ ਖੰਗੂੜਾ ਸ਼ਹਿਰ ਦੇ ਵੱਡੇ ਕਾਰੋਬਾਰੀਆਂ ਵਿੱਚ ਜਾਣੇ ਜਾਂਦੇ ਹਨ। ਉਹ ਲੁਧਿਆਣਾ ਸ਼ਹਿਰ ਵਿੱਚ ਪੰਜ ਤਾਰਾ ਹੋਟਲ ਪਾਰਕ ਪਲਾਜ਼ਾ ਦੇ ਵੀ ਮਾਲਕ ਹਨ। ਇਸ ਦੇ ਨਾਲ ਉਹ ਹੋਰ ਵੀ ਕਈ ਕਾਰੋਬਾਰ ਕਰਦੇ ਹਨ। ਜੱਸੀ ਖੰਗੂੜਾ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੁਦ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ ਸੀ।
ਕੈਰੋਂ ਪਰਿਵਾਰ 'ਚ ਹੋਇਆ ਹੈ ਵਿਆਹ: ਜੱਸੀ ਖੰਗੂੜਾ ਇੱਕ ਸਾਬਕਾ ਬ੍ਰਿਟਿਸ਼ ਨਾਗਰਿਕ ਹਨ ਅਤੇ ਉਹ 2006 ਵਿੱਚ ਭਾਰਤ ਪਰਤੇ ਸਨ। ਉਨ੍ਹਾਂ ਦੇ ਪਿਤਾ ਜਗਪਾਲ ਸਿੰਘ ਖੰਗੂੜਾ ਵੀ ਕਾਂਗਰਸ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਵਿਆਹ ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ ਦੀ ਧੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਪੋਤੀ ਰਮਨ ਨਾਲ ਹੋਇਆ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲ-ਬਦਲੀ ਵੱਡੇ ਪੱਧਰ 'ਤੇ ਹੋ ਰਹੀ ਹੈ। ਟਿਕਟਾਂ ਨਾ ਮਿਲਣ ਤੋਂ ਬਾਅਦ ਆਗੂ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਰਹੇ ਹਨ।