ਬਿਆਸ/ ਅੰਮ੍ਰਿਤਸਰ:ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਆਗੂ ਪੱਬਾਂ ਭਰ ਨਜ਼ਰ ਆ ਰਹੇ ਹਨ। ਲਗਾਤਾਰ ਲੋਕ ਰਾਬਤੇ ਦੇ ਨਾਲ ਨਾਲ ਹੁਣ ਚੋਣਾਂ ਦੌਰਾਨ ਵੱਡੇ ਵੋਟ ਬੈਂਕ ਵਜੋਂ ਅਹਿਮ ਰੋਲ ਅਦਾ ਕਰਨ ਵਾਲੇ ਡੇਰਿਆਂ ਵਿੱਚ ਨਤਮਸਤਕ ਹੋ ਰਹੇ ਹਨ। ਇਸੇ ਲੜੀ ਤਹਿਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰਾਂ ਵਲੋਂ ਡੇਰੇ ਜਾ ਕੇ ਆਸ਼ੀਰਵਾਦ ਲਿਆ ਜਾ ਰਿਹਾ ਹੈ।
ਆਪ ਦੇ ਉਮੀਦਵਾਰ ਪਹੁੰਚੇ ਡੇਰਾ ਬਿਆਸ:ਉੱਥੇ ਹੀ, ਬੀਤੇ ਦਿਨ ਵੀਰਵਾਰ ਨੂੰ ਦੇਰ ਰਾਤ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ, ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ, ਖਡੂਰ ਸਾਹਿਬ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਸਣੇ ਆਮ ਆਦਮੀ ਪਾਰਟੀ ਦੇ ਵਰਕਰ ਡੇਰਾ ਬਿਆਸ ਪੁੱਜੇ। ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਮੁਲਾਕਾਤ ਤੋਂ ਬਾਅਦ ਉਮੀਦਵਾਰ ਲਾਲ ਜੀਤ ਸਿੰਘ ਭੁੱਲਰ ਨੇ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਲਗਾਤਾਰ ਦਹਾਕਿਆਂ ਤੋਂ ਸਮਾਜ ਵਿੱਚ ਅਧਿਆਤਮਿਕ ਚੇਤਨਾ ਜਗਾ ਕੇ ਮਨੁੱਖਤਾ ਅਤੇ ਸਮਾਜ ਸੇਵਾ ਦਾ ਜੋ ਕਾਰਜ ਕੀਤਾ ਜਾ ਰਿਹਾ ਹੈ, ਉਹ ਆਪਣੇ ਆਪ ਵਿੱਚ ਅਦਭੁਤ ਅਤੇ ਪ੍ਰੇਰਨਾਦਾਇਕ ਹੈ।
ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਵੀ ਪਹੁੰਚੇ ਸਨ ਡੇਰਾ ਬਿਆਸ: ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਵੀ ਬੀਤੇ ਦਿਨ ਵੀਰਵਾਰ ਨੂੰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜ ਕੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਉਹ ਕਰੀਬ ਇੱਕ ਘੰਟਾ ਉੱਥੇ ਰੁਕੇ ਸਨ। ਹਾਲਾਂਕਿ, ਇਸ ਤੋਂ ਪਹਿਲਾਂ, ਪਟਿਆਲਾ ਤੋਂ ਭਾਜਪਾ ਐਮਪੀ ਉਮੀਦਵਾਰ ਪ੍ਰਨੀਤ ਕੌਰ, ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਸਣੇ ਕਈ ਸਿਆਸੀ ਆਗੂ ਡੇਰਾ ਬਿਆਸ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਆ ਚੁੱਕੇ ਹਨ।
ਜ਼ਿਕਰ-ਏ-ਖਾਸ ਹੈ ਕਿ ਬੇਸ਼ੱਕ ਲੋਕ ਸਭਾ ਚੋਣਾਂ ਦੇ ਦੌਰਾਨ ਡੇਰੇ ਵੱਡਾ ਵੋਟ ਬੈਂਕ ਮੰਨੇ ਜਾਂਦੇ ਹਨ, ਪਰ ਡੇਰਾ ਬਿਆਸ ਦੀ ਗੱਲ ਕਰੀਏ ਤਾਂ ਡੇਰਾ ਬਿਆਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਪ੍ਰੈਸ ਨੋਟ ਜਾਰੀ ਕਰਦਿਆਂ ਜਾਂ ਬਿਆਨ ਜਾਰੀ ਕਰਦਿਆਂ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਵੋਟ ਭੁਗਤਾਉਣ ਦਾ ਐਲਾਨ ਅੱਜ ਤੱਕ ਕਦੇ ਵੀ ਨਹੀਂ ਕੀਤਾ ਗਿਆ ਹੈ।