ਜਲੰਧਰ: 1965 ਵਿੱਚ ਫੌਜ ਵਿੱਚ ਭਰਤੀ ਹੋਏ ਸੁੱਚਾ ਸਿੰਘ ਨੇ ਭਾਰਤ ਲਈ ਪਹਿਲੀ ਜੰਗ ਵਿੱਚ ਵੀ ਹਿੱਸਾ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਚਾਂਦੀ ਅਤੇ ਸੋਨੇ ਦੇ ਤਗ਼ਮੇ ਵੀ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਸੁੱਚਾ ਸਿੰਘ ਸਾਬਕਾ ਅਥਲੀਟ ਰਹਿ ਚੁੱਕੇ ਹਨ, ਜਿਨ੍ਹਾਂ ਨੇ 400 ਤੋਂ 200 ਮੀਟਰ ਦੌੜ ਵਿੱਚ ਕਈ ਰਿਕਾਰਡ ਕਾਇਮ ਕੀਤੇ ਸਨ। ਪਰ, ਇਸ ਸਾਬਕਾ ਅਥਲੀਟ ਨੂੰ ਆਪਣੇ ਪ੍ਰਦਰਸ਼ਨ ਜਿੰਨਾ ਹੌਸਲਾ ਅਫਜਾਈ ਸਰਕਾਰਾਂ ਵਲੋਂ ਉਸ ਸਮੇਂ ਨਹੀਂ ਮਿਲਿਆ, ਜਦੋਂ ਅਸਲ ਵਿੱਚ ਇਸ ਦੀ ਜ਼ਿਆਦਾ ਲੋੜ ਸੀ। ਪਰ, ਚਲੋ ਆਖਿਰ 54 ਸਾਲ ਬਾਅਦ ਹੀ ਸਹੀ, ਸਾਬਕਾ ਅਥਲੀਟ ਸੁੱਚਾ ਸਿੰਘ ਨੂੰ ਅਰਜੁਨ ਐਵਾਰਡ ਮਿਲਣ ਜਾ ਰਿਹਾ ਹੈ।
ਸਟਾਰ ਅਥਲੀਟ ਨੂੰ ਭੁੱਲ ਬੈਠੀਆਂ ਸੀ ਸਰਕਾਰਾਂ !
ਸੁੱਚਾ ਸਿੰਘ ਨੇ ਕਿਹਾ ਕਿ ਉਸ ਸਮੇਂ ਖਿਡਾਰੀਆਂ ਨੂੰ ਸਮੇਂ-ਸਮੇਂ 'ਤੇ ਦਿੱਤੇ ਜਾਣ ਵਾਲੇ ਸਪਲੀਮੈਂਟਾਂ ਦੀ ਵੀ ਵੱਡੀ ਘਾਟ ਸੀ। ਜਿਸ ਵਿੱਚ ਰਾਸ਼ਟਰੀ ਪੱਧਰ ਦੇ ਕੈਂਪਾਂ ਵਿੱਚ ਫੂਡ ਸਪਲੀਮੈਂਟ ਦੀ ਸਭ ਤੋਂ ਵੱਧ ਘਾਟ ਸੀ। ਉਸ ਸਮੇਂ ਖਿਡਾਰੀਆਂ ਵਿੱਚ ਬਹੁਤੀ ਲਚਕ ਨਹੀਂ ਸੀ। ਇਹ ਟ੍ਰੈਕ 1982 ਵਿੱਚ ਸ਼੍ਰੀ ਨੀਭ ਦੇ ਸਮੇਂ ਵਿੱਚ ਬਣਾਇਆ ਗਿਆ ਸੀ। ਜਿਸ ਕਾਰਨ ਖਿਡਾਰੀਆਂ ਦੇ ਪ੍ਰਦਰਸ਼ਨ 'ਚ ਕਾਫੀ ਫਰਕ ਦੇਖਣ ਨੂੰ ਮਿਲਿਆ। ਫਿਰ ਵੀ ਉਸ ਸਮੇਂ ਦੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਭਾਰਤ ਦਾ ਨਾਮ ਰੌਸ਼ਨ ਕੀਤਾ। ਐਵਾਰਡ ਨਾਲ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵਧਦੀ ਹੈ, ਜਿਸ ਕਰਕੇ ਇਹ ਸਨਮਾਨ ਵੀ ਕਿਤੇ ਨਾ ਕਿਤੇ ਖਿਡਾਰੀ ਲਈ ਜ਼ਰੂਰੀ ਹੈ।
ਇਸ ਦੌਰਾਨ ਉਸ ਨੇ ਕੋਚ ਭਾਗਵਤ, ਸੰਧੂ ਸਮੇਤ ਆਪਣੇ ਦੋਸਤਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਵਾਰ ਉਸ ਦਾ ਹੌਸਲਾ ਵਧਾਇਆ। ਜਿਸ ਕਾਰਨ ਅੱਜ ਖੇਡ ਮੰਤਰਾਲੇ ਨੇ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਕਿਹੜੇ-ਕਿਹੜੇ ਐਵਾਰਡ ਜਿੱਤੇ
ਸਾਬਕਾ ਅਥਲੀਟ ਸੁੱਚਾ ਸਿੰਘ ਨੇ 1970 ਵਿੱਚ ਬੈਂਕਾਕ ਵਿੱਚ ਹੋਈਆਂ 6th ਏਸ਼ਿਆਈ ਖੇਡਾਂ ਵਿੱਚ 400 ਮੀਟਰ ਦੌੜ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। 1975 ਵਿੱਚ, ਉਨ੍ਹਾਂ ਨੇ ਦੱਖਣੀ ਕੋਰੀਆ ਵਿੱਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 4×400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਸੁੱਚਾ ਸਿੰਘ ਰਿਲੇਅ ਦੌੜ ਅਤੇ 100 ਮੀਟਰ, 200 ਮੀਟਰ, 400 ਮੀਟਰ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ।
ਲੰਮੇ ਸਮੇਂ ਤੋਂ ਐਵਾਰਡ ਲਈ ਕਰ ਰਹੇ ਸੀ ਅਪਲਾਈ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 54 ਸਾਲਾਂ ਬਾਅਦ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਉਹ 1980 ਤੋਂ ਇਸ ਪੁਰਸਕਾਰ ਲਈ ਯਤਨਸ਼ੀਲ ਰਹੇ, ਫਿਰ ਆਸ ਛੱਡੀ। ਇਸ ਤੋਂ ਬਾਅਦ 2018 ਵਿੱਚ ਅਰਜੁਨ ਐਵਾਰਡ ਦਾ ਫਾਰਮ ਦੁਬਾਰਾ ਭਰਿਆ ਗਿਆ ਤੇ ਆਏ ਸਾਲ ਭਰਦੇ ਰਹੇ। ਕਾਫੀ ਸਮੇਂ ਬਾਅਦ ਸਾਲ 2025 'ਚ ਅਰਜੁਨ ਐਵਾਰਡ ਲਈ ਉਨ੍ਹਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ।
"ਪਤੀ ਨੇ ਭਾਰਤ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ"
ਸੁੱਚਾ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਕਿਹਾ ਕਿ ਉਹ ਅਰਜੁਨ ਐਵਾਰਡ ਪ੍ਰਾਪਤ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਅਰਜੁਨ ਐਵਾਰਡ ਲਈ 10 ਵਾਰ ਫਾਰਮ ਭਰੇ ਗਏ, ਪਰ ਉਹ ਰੱਦ ਹੁੰਦੇ ਰਹੇ। ਅੱਜ 10 ਸਾਲਾਂ ਬਾਅਦ ਅਰਜੁਨ ਐਵਾਰਡ ਲਈ ਉਨ੍ਹਾਂ ਦੇ ਪਤੀ ਸੁੱਚਾ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ। ਸੁੱਚਾ ਸਿੰਘ ਦੀ ਖੇਡ ਬਾਰੇ ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਖੇਡ ਨਹੀਂ ਦੇਖਦੀ ਸੀ, ਕਿਉਂਕਿ ਉਨ੍ਹਾਂ ਦਾ ਵਿਆਹ ਬਹੁਤ ਦੇਰ ਨਾਲ ਹੋਇਆ ਸੀ। ਪਤਨੀ ਨੇ ਕਿਹਾ ਕਿ ਪਤੀ ਨੇ ਭਾਰਤ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਗਿਆ ਹੈ। ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਸੁੱਚਾ ਸਿੰਘ ਦੇ ਨਾਂ ਦਾ ਐਲਾਨ ਨਾ ਕੀਤਾ ਗਿਆ ਹੁੰਦਾ, ਤਾਂ ਉਨ੍ਹਾਂ ਕਿਹਾ ਸੀ ਕਿ ਉਹ ਅਗਲੀ ਵਾਰ ਐਵਾਰਡ ਲਈ ਅਪਲਾਈ ਨਹੀਂ ਕਰਨਗੇ।
17 ਜਨਵਰੀ ਨੂੰ ਰਾਸ਼ਟਰਪਤੀ ਭਵਨ 'ਚ ਦਿੱਤੇ ਜਾਣਗੇ ਐਵਾਰਡ
ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ ਹੈ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ 2025 ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿੱਚ ਸਾਰੇ ਜੇਤੂਆਂ ਨੂੰ ਇਹ ਪੁਰਸਕਾਰ ਦੇਣਗੇ। ਜਿਸ ਵਿੱਚ 4 ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਦਿੱਤਾ ਜਾਵੇਗਾ, ਜਦਕਿ 34 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਸ ਵਿੱਚੋਂ ਭਾਰਤੀ ਹਾਕੀ ਟੀਮ ਦੇ 5 ਖਿਡਾਰੀਆਂ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ। ਸਾਬਕਾ ਅਥਲੈਟਿਕਸ ਸੁੱਚਾ ਸਿੰਘ ਨੂੰ ਵੀ ਲਾਈਫ ਟਾਈਮ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।