ਅੰਮ੍ਰਿਤਸਰ:ਹਾਲ ਹੀ'ਚ ਸੰਪਨ ਹੋਈਆਂਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਲੋਕਾਂ ਦਾ ਧੰਨਵਾਦ ਕਰਨ ਲਈ ਪਹੁੰਚੇ। ਜਿਥੇ ਉਹਨਾਂ ਦੇ ਨਾਲ ਕੇਂਦਰੀ ਹਲਕੇ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਮੌਜੁਦ ਰਹੇ। ਇਸ ਮੌਕੇ ਭਰੀ ਸਟੇਜ ਉਤੇ ਜਦੋਂ ਸਪੀਚ ਦੇਣ ਦਾ ਸਮਾਂ ਆਇਆ ਤਾਂ ਆਪ ਵਿਧਾਇਕ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਦੇ ਵਿਧਾਇਕ ਨੇ ਵੀ ਆਪਣੀ ਸਰਕਾਰ 'ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਹਨ। ਸਪੀਚ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਵਿਧਾਇਕਾਂ ਤੇ ਵਰਕਰਾਂ ਉਤੇ ਖੂਬ ਮਨ ਦੀ ਭੜਾਸ ਬਾਹਰ ਕੱਢੀ।
ਬਦਲਾਅ ਨੂੰ ਲੈਕੇ ਚੁੱਕੇ ਸਵਾਲ :ਡਾਕਟਰ ਅਜੇ ਗੁਪਤਾ ਨੇ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਨਾ ਜਾਗੀ ਤਾਂ 2027 ਦੇ ਵਿੱਚ ਇੱਕ ਵੀ ਸੀਟ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗੀ। ਉਹਨਾਂ ਕਿਹਾ ਕਿ ਅਸੀਂ ਕਿਹੜੇ ਬਦਲਾਅ ਦੀ ਗੱਲ ਕਰਦੇ ਹਾਂ ! ਸਾਡੇ ਵਲੰਟੀਅਰ ਕਹਿੰਦੇ ਸਨ ਕਿ ਅੱਜ ਵੀ ਥਾਣਿਆਂ ਦੇ ਵਿੱਚ ਕਾਂਗਰਸੀ ਤੇ ਅਕਾਲੀ ਹੀ ਬੈਠੇ ਦਿਖਾਈ ਦਿੰਦੇ ਹਨ ਤੇ ਉਹਨਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਆਪਣੇ ਵਲੰਟੀਅਰ ਦਾ ਕਹਿਣਾ ਨਹੀਂ ਮੰਨਿਆ, ਜੇਕਰ ਉਦੋਂ ਕਹਿਣਾ ਮੰਨਿਆ ਹੁੰਦਾ ਤਾਂ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਪੈਂਦਾ।
ਹਾਰ ਦੇ ਕਾਰਨਾਂ ਨੁੰ ਕੀਤਾ ਜੱਗ ਜਾਹਿਰ : ਡਾਕਟਰ ਅਜੇ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸ ਸਮੇਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਨਕੇਲ ਕੱਸੀ ਹੁੰਦੀ ਤਾਂ ਅੱਜ ਸਾਡੇ ਵਰਕਰ ਤੇ ਸਾਡੇ ਵਲੰਟੀਅਰ ਸਾਨੂੰ ਜਿੱਤ ਦਾ ਮੂੰਹ ਜ਼ਰੂਰ ਦਿਖਾਉਂਦੇ। ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ 'ਚ ਸਾਡੀ ਸਰਕਾਰ ਆਈ ਹੈ, ਨਸ਼ਾ ਘਟਨਾ ਤਾਂ ਦੂਰ ਦੀ ਗੱਲ ਹੈ ਉਸ ਤੋਂ ਦੋਗੁਣਾ ਨਸ਼ਾ ਵੱਧ ਗਿਆ ਹੈ। ਲਗਾਤਾਰ ਨਸ਼ੇ ਦਾ ਦਰਿਆ ਵੱਗਦਾ ਜਾ ਰਿਹਾ ਹੈ ਤੇ ਕਈ ਮਾਵਾਂ ਦੇ ਪੁੱਤ ਮਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਘਰ-ਘਰ ਵਿੱਚ ਨਸ਼ਾ ਮਿਲ ਰਿਹਾ ਹੈ, ਕੋਈ ਵੀ ਇਹਨਾਂ ਨੂੰ ਰੋਕਣ ਵਾਲਾ ਨਹੀਂ ਹੈ। ਅਸੀਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਦੇ ਸੀ ਪਰ ਇਹ ਖਤਮ ਹੋਣ ਦੀ ਬਜਾਏ ਹੋਰ ਵੱਧ ਗਿਆ ਹੈ। ਜਿੱਥੇ ਜਾਓ ਉਸ ਜਗ੍ਹਾ 'ਤੇ ਤੁਹਾਨੂੰ ਭ੍ਰਿਸ਼ਟਾਚਾਰ ਜਾਂ ਰਿਸ਼ਵਖੋਰੀ ਜ਼ਰੂਰ ਨਜ਼ਰ ਆਵੇਗੀ।