ਚੰਡੀਗੜ੍ਹ : ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਚਾਰ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਗਿੱਦੜਬਾਹਾ ਤੋਂ ਅਕਾਲੀ ਦਲ ਛੱਡ ਆਪ 'ਚ ਸ਼ਾਮਿਲ ਹੋਏ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ। ਉੱਥੇ ਹੀ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੈ। ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਨ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਹੈ।
ਜ਼ਿਮਨੀ ਚੋਣਾਂ ਲਈ AAP ਨੇ ਉਮੀਦਵਾਰਾਂ ਦਾ ਕੀਤਾ ਐਲਾਨ
- ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਐਲਾਨਿਆ ਉਮੀਦਵਾਰ
- ਬਰਨਾਲਾ ਤੋਂ ਗੁਰਦੀਪ ਸਿੰਘ ਹਰਿੰਦਰ ਸਿੰਘ ਧਾਲੀਵਾਲ ਨੂੰ ਦਿੱਤੀ ਟਿਕਟ
- ਚੱਬੇਵਾਲ ਤੋਂ ਇਸ਼ਾਨ ਚੱਬੇਵਾਲ ਨੂੰ ਦਿੱਤੀ ਟਿਕਟ
- ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਨੂੰ ਐਲਾਨਿਆ ਉਮੀਦਵਾਰ
ਜ਼ਿਕਰਯੋਗ ਹੈ ਕਿ ਪੰਜਾਬ 'ਚ ਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨਰ ਵੱਲੋਂ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਹ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ 23 ਨਵੰਬਰ ਨੂੰ ਇੰਨ੍ਹਾਂ ਦੇ ਨਤੀਜੇ ਆਉਣਗੇ। ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਦੀਆਂ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਜ਼ਿਮਨੀ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੇ ਨਾਮ ਦਾ ਕੀਤਾ ਐਲਾਨ (ETV BHARAT) ਪੁੱਤਰ 'ਤੇ ਖੇਡਿਆ ਦਾਅ
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੀ ਸੀਟ ਰਿਜ਼ਰਵ ਸੀਟ ਹੈ ਅਤੇ ਇਥੋਂ ਕਾਂਗਰਸ ਦੇ ਆਗੂ ਰਹੇ ਡਾ. ਰਾਜ ਕੁਮਾਰ ਚੱਬੇਵਾਲ ਜੋ ਕਿ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਚੁੱਕੇ ਹਨ ਤੇ ਹੁਸ਼ਿਆਰਪੁਰ ਤੋਂ 'ਆਪ' ਦੀ ਲੋਕ ਸਭਾ ਮੈਂਬਰ ਵਜੋਂ ਨੁਮਾਇੰਦਰਗੀ ਕਰ ਰਹੇ ਹਨ। ਉਹਨਾਂ ਨੇ ਲਗਾਤਾਰ ਇਸ ਸੀਟ ਤੋਂ ਕਈ ਵਾਰ ਜਿੱਤ ਹਾਸਿਲ ਕੀਤੀ ਹੈ ਅਤੇ ਹੁਣ ਉਹਨਾਂ ਦੇ ਪੁੱਤਰ ਨੂੰ 'ਆਪ' ਵਲੋਂ ਟਿਕਟ ਦੇਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਨੂੰ ਲੈਕੇ ਵੀ ਚਰਚਾ ਹੋ ਰਹੀ ਹੈ ਕਿ ਜਿਥੇ AAP 'ਚ ਆਉਂਦੇ ਹੀ ਰਾਜ ਕੁਮਾਰ ਚੱਬੇਵਾਲ ਨੇ ਐਮਪੀ ਵੱਜੋਂ ਜਿੱਤ ਹਾਸਿਲ ਕੀਤੀ ਅਤੇ ਉਥੇ ਹੀ ਹੁਣ ਪੁੱਤ ਦੀ ਜਿੱਤ ਹੋਵੇਗੀ ਜਾਂ ਨਹੀਂ , ਇਹ ਵੀ ਕਿਤੇ ਨਾ ਕਿਤੇ ਅਹਿਮ ਮੰਨੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ਼ਾਨ ਚੱਬੇਵਾਲ ਨੂੰ ਵੀ ਲੋਕ ਮਤ ਮਿਲਦਾ ਹੈ ਕਿ ਨਹੀਂ।
ਚੱਬੇਵਾਲ ਦਾ ਹੋ ਸਕਦਾ ਹੈ ਵਿਰੋਧ
ਜ਼ਿਕਰਯੋਗ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਹਰਮਿੰਦਰ ਸਿੰਘ ਸੰਧੂ ਨੂੰ ਕਾਂਗਰਸ ਦੇ ਉਮੀਦਵਾਰ ਰਹੇ ਡਾ' ਰਾਜ ਕੁਮਾਰ ਚੱਬੇਵਾਲ ਦੇ ਬਰਾਬਰ ਮੈਦਾਨ 'ਚ ਉਤਾਰਿਆ ਗਿਆ ਸੀ, ਜਿਸ 'ਚ ਚੱਬੇਵਾਲ ਵਲੋਂ ਸੰਧੂ ਨੂੰ ਹਰਾਇਆ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦੇਣ ਦੀ ਮੰਗ ਉੱਠ ਰਹੀ ਸੀ ਪਰ ਸੰਧੂ ਨੂੰ ਅਣਗੌਲਿਆ ਕਰਦਿਆਂ ਰਾਜ ਕੁਮਾਰ ਚੱਬੇਵਾਲ ਦੇ ਪੁੱਤ ਈਸ਼ਾਨ ਨੂੰ ਉਮੀਦਵਾਰ ਐਲਾਨਿਆ ਹੈ ਤਾਂ ਜ਼ਾਹਿਰ ਹੈ ਕਿ ਕਿਤੇ ਨਾ ਕਿਤੇ ਪਾਰਟੀ ਨੂੰ ਇਸ ਨਾਲ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਰਿੰਦਰ ਧਾਲੀਵਾਲ ਦੀ ਮੀਤ ਨਾਲ ਯਾਰੀ
ਬਰਨਾਲਾ ਤੋਂ ਆਮ ਆਦਮੀ ਪਾਰਟੀ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਧਾਲੀਵਾਲ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਬਰਨਾਲਾ ਤੋਂ ‘ਆਪ’ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਨ। ਛੀਨੀਵਾਲ ਦੇ ਰਹਿਣ ਵਾਲੇ 35 ਸਾਲਾ ਹਰਿੰਦਰ ਸਿੰਘ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਹਨਾਂ ਦੇ ਪਿਤਾ ਵੈਟਰਵਰੀ ਵਿਭਾਗ ਤੋਂ ਸੇਵਾ ਮੁਕਤ ਮੁਲਾਜ਼ਮ ਹਨ। ਹਰਿੰਦਰ ਸਿੰਘ ਧਾਲੀਵਾਲ ਮੰਤਰੀ ਮੀਤ ਹੇਅਰ ਦੇ ਸਕੂਲ ਤੋਂ ਹੀ ਦੋਸਤ ਹਨ। ਉਥੇ ਹੀ ਬਰਨਾਲਾ 'ਚ ਵੀ ਕਿਤੇ ਨਾ ਕਿਤੇ ਗੁਰਦੀਪ ਸਿੰਘ ਬਾਠ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਕਿਤੇ ਨਾ ਕਿਤੇ ਮੀਤ ਹੇਅਰ ਦੀ ਯਾਰੀ ਰੰਗ ਲਿਆਈ ਹੈ। ਇਸ ਤੋਂ ਇਲਾਵਾ ਪਿਛਲੀਆਂ ਚੋਣਾਂ 'ਚ ਕਾਂਗਰਸ ਤੋਂ ਨਾਰਾਜ਼ ਹੋ ਕੇ 'ਆਪ' 'ਚ ਆਏ ਦਲਵੀਰ ਗੋਲਡੀ ਦਾ ਫੈਕਟਰ ਵੀ ਇਸ ਸੀਟ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਜਿਸ ਕਾਰਨ ਹੁਣ 'ਆਪ' ਲਈ ਇਸ ਸੀਟ 'ਚ ਜਿੱਤ ਅਸਾਨ ਨਹੀਂ ਹੋਵੇਗੀ।
ਗਿੱਦੜਬਾਹਾ ਦੀ ਜੰਗ ਨਹੀਂ ਅਸਾਨ
ਆਮ ਆਦਮੀ ਪਾਰਟੀ ਵਲੋਂ ਗਿੱਦੜਬਾਹਾ ਤੋਂ 2022 ਦੀਆਂ ਚੋਣਾਂ 'ਚ ਪ੍ਰੀਤਪਾਲ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਸੀ ਪਰ ਹੁਣ ਜ਼ਿਮਨੀ ਚੋਣਾਂ 'ਚ 'ਆਪ' ਨੇ ਅਕਾਲੀ ਦਲ ਨੂੰ ਛੱਡ ਕੇ ਆਏ ਡਿੰਪੀ ਢਿੱਲੋਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਥੇ ਵੀ 'ਆਪ' ਲਈ ਸੀਟ ਜਿੱਤਣਾ ਅਸਾਨ ਨਹੀਂ ਹੋਵੇਗਾ, ਕਿਉਂਕਿ ਲੰਬੇ ਸਮੇਂ ਤੋਂ ਪਾਰਟੀ ਨਾਲ ਵਫਾਦਾਰੀ ਕਰਦੇ ਆ ਰਹੇ ਟਕਸਾਲੀਆਂ ਨੂੰ ਦਰਕਨਿਾਰ ਕਰਕੇ 'ਆਪ' ਨੇ ਦਲ-ਬਦਲੂਆਂ 'ਤੇ ਦਾਅ ਖੇਡਿਆ ਹੈ ਅਤੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਤੋਂ 'ਆਪ' 'ਚ ਆਏ ਡਿੰਪੀ ਢਿੱਲੋਂ 'ਤੇ ਦਾਅ ਖੇਡਿਆ ਗਿਆ ਹੈ। ਇਸ ਸੀਟ ਦੀ ਖਾਸੀਅਤ ਇਹ ਵੀ ਰਹੀ ਹੈ ਕਿ ਸੀਟ 'ਤੇ ਅਕਾਲੀ ਦਲ ਦਾ ਪ੍ਰਭਾਵ ਜਿਆਦਾ ਮੰਨਿਆ ਜਾਂਦਾ ਹੈ ਪਰ ਪਿਛਲੀਆਂ ਚੋਣਾਂ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਮੂਲੀ ਫਰਕ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦੀ ਝੋਲੀ ਇਹ ਸੀਟ ਪਾਈ ਸੀ।