ਬਰਨਾਲਾ:ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਚਾਰ ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਵੱਲੋਂ ਅੱਜ ਇਹ ਸੂਚੀ ਜਾਰੀ ਕੀਤੀ ਗਈ। ਇਸ ਦੋਰਾਨ ਕਈ ਨਾਮ ਬੇਹੱਦ ਚਰਚਾ ਵਿੱਚ ਹਨ। ਚਰਚਾ ਹੋ ਰਹੀ ਹੈ ਬਰਨਾਲਾ ਤੋਂ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਜੋ ਕਿ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਬਰਨਾਲਾ ਤੋਂ ‘ਆਪ’ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਦੋਸਤ ਹਨ। ਕਿਹਾ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਮੀਤ ਹੇਅਰ ਦੀ ਯਾਰੀ ਨੂੰ ਮੁਖ ਰੱਖਦਿਆਂ ਹੀ ਪਾਰਟੀ ਵੱਲੋਂ ਟਿੱਕਟ ਦਿੱਤੀ ਗਈ ਹੈ।
ਹਰਿੰਦਰ ਸਿੰਘ ਧਾਲੀਵਾਲ ਮੀਤ ਹੇਅਰ (ਈਟੀਵੀ ਭਾਰਤ) ਦੱਸਣਯੋਗ ਹੈ ਕਿ ਜਿਥੇ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਵਿਚੋਂ ਉਮੀਦਵਾਰ ਚੁਣਨ ਦੀ ਥਾਂ 'ਤੇ 5 ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਸੀ ਉਥੇ ਹੀ ਹੁਣ ਆਮ ਆਦਮੀ ਪਾਰਟੀ ਨੇ ਜਿਥੇ ਗਿੱਦੜਬਾਹਾ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਦੇ ਦੋਸਤ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਜਿਸ ਤੋਂ ਬਾਅਦ ਹੋਰਨਾਂ ਉਮੀਦਵਾਰਾਂ ਦੇ ਨਾਲ-ਨਾਲ ਧਾਲੀਵਾਲ ਦੀ ਚਰਚਾ ਵਧੇਰੇ ਹੈ।
ਕੌਣ ਹੈ ਹਰਿੰਦਰ ਧਾਲੀਵਾਲ ?
ਜਾਣਕਾਰੀ ਮੁਤਾਬਿਕ 35 ਸਾਲ ਦੇ ਹਰਿੰਦਰ ਸਿੰਘ ਧਾਲੀਵਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਦੇ ਵਸਨੀਕ ਹਨ ਅਤੇ ਉਹ ਇੱਕ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹਨਾਂ ਦੇ ਪਿਤਾ ਵੈਟਰਨਰੀ ਵਿਭਾਗ ਤੋਂ ਸੇਵਾਮੁਕਤ ਇੰਸਪੈਕਟਰ ਹਨ। ਖ਼ਾਸ ਗੱਲ ਹੈ ਕਿ ਉਹ ਆਪ ਦੇ ਸਾਂਸਦ ਮੀਤ ਹੇਅਰ ਦੇ ਜਮਾਤੀ ਰਹਿ ਚੁਕੇ ਹਨ। ਦੋਵਾਂ ਨੇ ਬਾਬਾ ਗਾਂਧਾ ਸਿੰਘ ਸਕੂਲ, ਬਰਨਾਲਾ ਤੋਂ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਅਤੇ ਬਾਅਦ ਵਿੱਚ ਮੀਤ ਹੇਅਰ ਦੇ ਨਾਲ ਬਨੂੜ ਇੱਕ ਨਿੱਜੀ ਕਾਲਜ ਤੋਂ ਬੀ.ਟੈਕ ਆਈ.ਟੀ ਦੀ ਪੜ੍ਹਾਈ ਕੀਤੀ । ਸਿਆਸੀ ਸਫਰ ਵਿੱਚ ਵੀ ਅਕਸਰ ਨਾਲ ਹੀ ਨਜ਼ਰ ਆਏ ਅਤੇ ਮੀਤ ਹੇਅਰ ਦਾ ਸਾਥ ਦਿੰਦੇ ਹੋਏ ਧਾਲੀਵਾਲ ਖ਼ੁਦ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਸਕੂਲ ਤੋਂ ਸਿਆਸਤ ਤੱਕ ਦਾ ਸਫਰ
ਕਿਹਾ ਜਾਂਦਾ ਹੈ ਕਿ ਹਰਿੰਦਰ ਸਿੰਘ, ਮੀਤ ਹੇਅਰ ਦੇ ਸੱਜੇ ਹੱਥ ਬਰਾਬਰ ਹਨ ਅਤੇ ਉਹ ਹਰ ਥਾਂ ਮੀਤ ਹੇਅਰ ਨਾਲ ਨਜ਼ਰ ਆਉਂਦੇ ਹੈ। ਬਰਨਾਲਾ ਵਿਧਾਨ ਸਭਾ ਸੀਟ ਉਪਰ ਆਪਣਾ ਪ੍ਰਭਾਵ ਰੱਖਣ ਲਈ ਹੀ ਮੀਤ ਹੇਅਰ ਨੇ ਆਪਣੇ ਦੋਸਤ ਨੂੰ ਉਮੀਦਵਾਰ ਬਣਾਉਣ ਦੀ ਸਿਫਾਰਿਸ਼ ਕੀਤੀ ਹੈ।
ਸਾਂਸਦ ਮੀਤ ਹੇਅਰ (ਈਟੀਵੀ ਭਾਰਤ)
ਆਮ ਆਦਮੀ ਪਾਰਟੀ ਵਿੱਚ ਧੜੇਬੰਦੀ ਵਧਣ ਦੀ ਸੰਭਾਵਨਾ
ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਨੂੰ ਟਿਕਟ ਦੇਣ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਵਿੱਚ ਧੜੇਬੰਦੀ ਵਧਣ ਦੀ ਸੰਭਾਵਨਾ ਬਣ ਗਈ ਹੈ। ਕਿਉਂਕਿ ਇਸ ਜ਼ਿਮਨੀ ਚੋਣ ਲਈ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਸਭ ਤੋਂ ਵੱਡੇ ਦਾਵੇਦਾਰ ਸਨ। ਉਹਨਾਂ ਲਈ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰਾਂ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ, ਜਦਕਿ ਮੀਤ ਹੇਅਰ ਉੱਪਰ ਟਕਸਾਲੀ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲੱਗ ਰਹੇ ਸਨ। ਹੁਣ ਜਦੋਂ ਹਰਿੰਦਰ ਸਿੰਘ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਦਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਗੁਰਦੀਪ ਸਿੰਘ ਬਾਠ ਅਤੇ ਟਕਸਾਲੀ ਵਰਕਰਾਂ ਵੱਲੋਂ ਇਸਦੀ ਨਰਾਜ਼ਗੀ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੀਆਂ, ਜਿਸਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਇਹਨਾਂ ਜ਼ਿਮਨੀ ਚੋਣ ਦੇ ਨਤੀਜਿਆਂ ਵਿੱਚ ਭੁਗਤਣਾ ਪੈ ਸਕਦਾ ਹੈ।