ਮਹਿਲਾ ਨੇ ਦੱਸੀ ਹੱਡ ਬੀਤੀ (ਈਟੀਵੀ ਭਾਰਤ ਪੰਜਾਬ ਟੀਮ) ਹੁਸ਼ਿਆਰਪੁਰ: ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ 'ਤੇ ਦੇਰ ਰਾਤ ਵਰਿੰਦਾਵਨ ਦੀ ਯਾਤਰਾ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਬੱਸ ਨੂੰ ਅਚਾਨਕ ਅੱਗ ਲਈ ਗਈ ਜਿਸ ਵਿੱਚ ਕਰੀਬ 9 ਸ਼ਰਧਾਲੂਆਂ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਮਾਰੇ ਗਏ ਜ਼ਿਆਦਾਤਰ ਸ਼ਰਧਾਲੂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਰੁਰ ਨਾਲ ਸਬੰਧਿਤ ਸਨ। ਇਸ ਹਾਦਸੇ ਦੌਰਾਨ ਜ਼ਿੰਦਾ ਬਚੀ ਇੱਕ ਮਹਿਲਾ ਨੇ ਹੱਡਬੀਤੀ ਬਿਆਨ ਕੀਤੀ ਹੈ।
ਮਹਿਲਾ ਨੇ ਵੇਖਿਆ ਭਿਆਨਕ ਮੰਜ਼ਰ: ਹੁਸ਼ਿਆਰਪੁਰ ਦੀ ਵਸਨੀਕ ਮਹਿਲਾ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਮਗਰੋਂ ਵਾਪਿਸ ਪਰਤੇ ਸਨ ਤਾਂ ਇਸ ਦੌਰਾਨ ਦੇਰ ਰਾਤ ਅਚਾਨਕ ਬੱਸ ਵਿੱਚ ਹਰ ਪਾਸੇ ਧੂੰਆਂ-ਧੂੰਆਂ ਹੋ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਧੂੰਏਂ ਕਾਰਣ ਸਾਹ ਲੈਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਹਿਲਾ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਉਸ ਦੇ 3 ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਅਤੇ ਜ਼ਿਆਦਾਤਰ ਮ੍ਰਿਤਕ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਹੀ ਸਬੰਧਿਤ ਸਨ।
ਮਦਦ ਕਰਨ ਦੀ ਥਾਂ ਵੀਡੀਓ ਬਣਾਉਂਦੇ ਰਹੇ ਲੋਕ: ਭਰੀਆਂ ਅੱਖਾਂ ਨਾਲ ਆਪਣਿਆਂ ਦੀ ਦਰਦਨਾਕ ਮੌਤ ਅਤੇ ਹਾਦਸੇ ਦੇ ਖੌਫ਼ ਨੂੰ ਬਿਆਨ ਕਰਦਿਆਂ ਮਹਿਲਾ ਨੇ ਦੱਸਿਆ ਕਿ ਜਾਨ ਬਚਾਉਣ ਦੀ ਜੱਦੋ-ਜਹਿਦ ਵਿੱਚ ਮੌਕੇ ਉੱਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਨੂੰ ਤਰਜੀਹ ਦਿੱਤੀ ਜੋ ਕਿ ਬਹੁਤ ਹੀ ਨਿਰਾਸ਼ਾਜਨਕ ਵਰਤਾਰਾ ਸੀ। ਮਹਿਲਾ ਨੇ ਆਖਿਆ ਕਿ ਇਸ ਹਾਦਸੇ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆ ਦਿੱਤੇ ਹਨ।
ਮ੍ਰਿਤਕਾਂ ਦੀ ਹੋਈ ਪਛਾਣ: ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਐਸ.ਪੀ ਨਰਿੰਦਰ ਬਿਜਾਰਾਨੀਆ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਐਸਪੀ ਨਰਿੰਦਰ ਬਿਜਾਰਾਨੀਆ ਨੇ ਦੱਸਿਆ ਕਿ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਦੋ ਦਰਜਨ ਦੇ ਕਰੀਬ ਜ਼ਖਮੀ ਹਨ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ।
ਸਰਕਾਰੀ ਸ਼ਹੀਦ ਹਸਨ ਖਾਨ ਮੇਵਾਤੀ ਮੈਡੀਕਲ ਕਾਲਜ ਨਲਹਾਰ ਵਿਖੇ 9 ਲਾਸ਼ਾਂ ਪੁੱਜੀਆਂ ਹਨ। ਜਿਸ ਵਿੱਚ 6 ਔਰਤਾਂ ਅਤੇ ਤਿੰਨ ਪੁਰਸ਼ ਹਨ। ਜਿਨ੍ਹਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
- ਮੀਰਾ ਰਾਣੀ ਪਤਨੀ ਨਰੇਸ਼ ਕੁਮਾਰ ਵਾਸੀ ਮੱਖਣੀਆ, ਜਲੰਧਰ
- ਨਰੇਸ਼ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਮੱਖਣੀਆ, ਜਲੰਧਰ
- ਕ੍ਰਿਸ਼ਨਾ ਕੁਮਾਰੀ ਪਤਨੀ ਬਲਦੇਵ ਰਾਜ ਵਾਸੀ ਫਿਲਸਰ ਜ਼ਿਲ੍ਹਾ ਜਲੰਧਰ
- ਬਲਜੀਤ ਸਿੰਘ ਰਾਣਾ ਪੁੱਤਰ ਮੋਹਨ ਸਿੰਘ ਵਾਸੀ ਮੁਹਾਲੀ ਸੈਕਟਰ 16
- ਜਸਵਿੰਦਰ ਪਤਨੀ ਬਲਜੀਤ ਵਾਸੀ ਮੁਹਾਲੀ ਸੈਕਟਰ 16
- ਵਿਜੇ ਕੁਮਾਰੀ ਪਤਨੀ ਸੁਰੇਸ਼ ਕੁਮਾਰ ਵਾਸੀ ਜਮਰੋਲ ਜ਼ਿਲ੍ਹਾ ਜਲੰਧਰ
- ਸ਼ਾਂਤੀ ਦੇਵੀ ਪਤਨੀ ਸੁਰਿੰਦਰ ਵਾਸੀ ਹੁਸ਼ਿਆਰਪੁਰ
- ਪੂਨਮ ਪਤਨੀ ਅਸ਼ੋਕ ਕੁਮਾਰ ਵਾਸੀ ਹੁਸ਼ਿਆਰਪੁਰ