ਮਾਨਸਾ: ਜ਼ਿਲ੍ਹਾਮਾਨਸਾ ਦੇ ਨੇੜਲੇ ਪਿੰਡ ਜਵਾਹਰਕੇ ਵਿੱਚ ਬੀਤੇ ਕੱਲ੍ਹ ਗੁਰਮੀਤ ਸਿੰਘ ਨਾਮ ਦੇ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦਾ ਇਲਜ਼ਾਮ ਪਰਿਵਾਰ ਵੱਲੋਂ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੀ ਲਾਸ਼ ਨੂੰ ਸਰਸਾ-ਮਾਨਸਾ ਰੋਡ ਉੱਤੇ ਰਮਦਿੱਤੇਵਾਲਾ ਚੌਂਕ ਵਿੱਚ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਪੁਲਿਸ ਉੱਤੇ ਲਾਏ ਗੰਭੀਰ ਇਲਜ਼ਾਮ (ETV BHARAT PUNJAB (ਪੱਤਰਕਾਰ,ਮਾਨਸਾ)) ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ
ਨੌਜਵਾਨ ਦੀ ਲਾਸ਼ ਨੂੰ ਰੋਡ ਉੱਤੇ ਰੱਖਣ ਤੋਂ ਪਹਿਲਾਂ ਪੁਲਿਸ ਵੱਲੋਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਪੁਲਿਸ ਦੇ ਨਾਲ ਲੋਕਾਂ ਦੀ ਧੱਕਾ ਮੁੱਕੀ ਵੀ ਹੋਈ। ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਨੇ ਪੁਲਿਸ ਦੀ ਗੱਡੀ ਅੱਗੇ ਬੈਠ ਕੇ ਪ੍ਰਦਰਸ਼ਨ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਪਰਵਿੰਦਰ ਸਿੰਘ ਝੋਟੇ ਨਾਲ ਵੀ ਖਿੱਚ-ਧੂਹ ਕਰਕੇ ਉਹਨਾਂ ਨੂੰ ਸਾਈਡ ਉੱਤੇ ਕਰ ਦਿੱਤਾ।
ਸ਼ਰੇਆਮ ਨਸ਼ੇ ਦੀ ਵਿਕਰੀ ਦੇ ਇਲਜ਼ਾਮ
ਇਸ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਰਮਦਿੱਤੇ ਵਾਲਾ ਚੌਂਕ ਵਿੱਚ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਵਾਹਰਕੇ ਪਿੰਡ ਦੇ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ ਪਰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪਿੰਡ ਦੇ ਬਹੁਤ ਸਾਰੇ ਨਸ਼ਾ ਵੇਚਣ ਵਾਲੇ ਲੋਕਾਂ ਦੇ ਪੁਲਿਸ ਕੋਲ ਨਾਮ ਵੀ ਦਿੱਤੇ ਗਏ ਹਨ ਪਰ ਪੁਲਿਸ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਦੀ। ਉਹਨਾਂ ਪੁਲਿਸ ਉੱਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਨਹੀਂ ਕਰਦੀ।
ਪੁਲਿਸ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਰਿਆ
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸਬੰਧਿਤ ਪੁਲਿਸ ਥਾਣੇ ਦੇ ਇੰਚਾਰਜ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਜਦੋਂ ਤੱਕ ਨੌਜਵਾਨ ਦੀ ਲਾਸ਼ ਦੇ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਪਰਿਵਾਰ ਦੀ ਆਰਥਿਕ ਮਦਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਜਲਦ ਹੀ ਪੁਲਿਸ ਨੇ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾਂ ਲਾਸ਼ ਨੂੰ ਲੀਡਰਾਂ ਦੇ ਘਰਾਂ ਦੇ ਬਾਹਰ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਦੱਸ ਦਈਏ ਮਾਮਲੇ ਵਿੱਚ ਜਦੋਂ ਪੁਲਿਸ ਦਾ ਪੱਖ ਜਾਨਣ ਦੀ ਕੋਸ਼ਿਸ਼ ਮੀਡੀਆ ਵੱਲੋਂ ਕੀਤੀ ਗਈ ਤਾਂ ਪੁਲਿਸ ਨੇ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।