ਕਪੂਰਥਲਾ: ਪੁਲਿਸ ਚੌਕੀ ਵਡਾਲਾ (ਨੇੜੇ ਸਾਇੰਸ ਸਿਟੀ) ਜ਼ਿਲ੍ਹਾ ਕਪੂਰਥਲਾ ਵਿਖੇ ਆਪਣੀ ਡਿਊਟੀ ਕਰ ਕੇ ਘਰ ਪਰਤ ਰਹੇ ਨੌਜਵਾਨ ਪੁਲਿਸ ਮੁਲਾਜ਼ਮ ਨਾਲ ਭਿਆਨਕ ਹਾਦਸਾ ਵਾਪਰ ਗਿਆ। ਉਸ ਦੀ ਕਾਰ ਦਾ ਪਿੰਡ ਅਠੌਲਾ ਦੇ ਨੇੜੇ ਟਾਇਰ ਫਟ ਗਿਆ, ਜਿਸ ਕਾਰਨ ਬੇਕਾਬੂ ਹੋਈ ਕਾਰ ਹਾਦਸਾਗ੍ਰਸਤ ਹੋ ਗਈ ਤੇ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਤਰਸ ਦੇ ਅਧਾਰ 'ਤੇ ਮਿਲੀ ਸੀ ਪਿਤਾ ਦੀ ਨੌਕਰੀ:ਇਸ ਸਬੰਧੀ ਜਾਣਕਾਰੀ ਮੁਤਾਬਿਕ ਪਿੰਡ ਅਠੌਲਾ ਦੇ ਵਸਨੀਕ ਮਨਦੀਪ ਸਿੰਘ ਉਰਫ਼ ਮਨੂੰ (24) ਦੇ ਪਿਤਾ ਗੁਰਦੀਪ ਸਿੰਘ ਬਿੱਟੂ ਵੀ ਇਕ ਪੁਲਿਸ ਮੁਲਾਜ਼ਮ ਸਨ ਤੇ ਇਕ ਸੜਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ 'ਤੇ ਮਨਦੀਪ ਨੂੰ ਪੁਲਿਸ ਵਿਭਾਗ 'ਚ ਨੌਕਰੀ ਮਿਲੀ ਸੀ।
ਡਿਊਟੀ ਤੋਂ ਪਰਤਦੇ ਸਮੇਂ ਹੋਇਆ ਹਾਦਸਾ:ਮਨਦੀਪ ਸਿੰਘ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਪੁਲਿਸ ਚੌਂਕੀ ਵਡਾਲਾ ਵਿਖੇ ਡਿਊਟੀ ਕਰ ਰਿਹਾ ਸੀ। ਬੀਤੀ ਰਾਤ ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰਕੇ ਦੇਰ ਰਾਤ ਕਰੀਬ 10:30 ਵਜੇ ਆਪਣੇ ਪਿੰਡ ਅਠੌਲਾ ਨੂੰ ਪਰਤ ਰਿਹਾ ਸੀ ਤਾਂ ਰਸਤੇ ’ਚ ਟਾਇਰ ਫਟਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਿਤਾ ਦੀ ਵੀ ਹੋਈ ਸੀ ਹਾਦਸੇ 'ਚ ਮੌਤ:ਇਸ ਘਟਨਾ ਦਾ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕ ਮਨਦੀਪ ਸਿੰਘ ਮੰਨੂ ਦਾ ਪਿਤਾ ਗੁਰਦੀਪ ਸਿੰਘ ਬਿੱਟੂ ਵੀ ਇਸੇ ਤਰ੍ਹਾਂ ਹੀ ਕਥਿਤ ਟਰੇਨ ਹਾਦਸੇ ਵਿਚ ਅਕਾਲ ਚਲਾਣਾ ਕਰ ਗਿਆ ਸੀ ਤੇ ਉਹ ਵੀ ਪੁਲਿਸ ਮੁਲਾਜ਼ਮ ਸੀ। ਮ੍ਰਿਤਕ ਦੇਹ ਦਾ ਪਿੰਡ ਅਠੌਲਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਨੌਜਵਾਨ ਦੀ ਮੌਤ ਨਾਲ ਪਿੰਡ 'ਚ ਪਸਰਿਆ ਸੋਗ: ਮਨਦੀਪ ਸਿੰਘ ਮਨੂੰ, ਜੋ ਕਿ ਵਿਆਹਿਆ ਹੋਇਆ ਸੀ ਤੇ ਉਹ ਆਪਣੇ ਪਿੱਛੇ ਮਾਤਾ, ਪਤਨੀ ਤੇ ਦੋ ਛੋਟੀਆਂ ਬੱਚੀਆਂ ਨੂੰ ਛੱਡ ਗਿਆ ਹੈ। ਮਨਦੀਪ ਸਿੰਘ ਮੰਨੂ ਜਗਤਾਰ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਪਿੰਡ ਅਠੌਲਾ ਦਾ ਕਮੇਟੀ ਮੈਂਬਰ ਵੀ ਸੀ। ਇਸੇ ਦੌਰਾਨ ਜਗਤਾਰ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਫਤਿਹ ਸਿੰਘ ਸੋਹਲ ਤੇ ਸਮੁੱਚੀ ਟੀਮ ਤੇ ਨਗਰ ਨਿਵਾਸੀਆਂ ਵੱਲੋਂ ਮਨਦੀਪ ਸਿੰਘ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।