ਮਦਦ ਲਈ ਕਰਦਾ ਰਿਹਾ ਫੋਨ ਪਰ ਮਿਲੀ ਦਰਦਨਾਕ ਮੌਤ (ETV BHARAT PUNJAB (ਪੱਤਰਕਾਰ,ਰੂਪਨਗਰ)) ਰੂਪਨਗਰ:ਜ਼ਿਲ੍ਹੇ ਦੇ ਪਿੰਡ ਸੈਫਲਪੁਰ ਦੇ ਦਰਿਆ ਵਿੱਚ ਪਾਣੀ ਵਧਣ ਕਾਰਣ ਇੱਕ ਸ਼ਖ਼ਸ ਦੀ ਕਾਰ ਸਮੇਤ ਡੁੱਬਣ ਕਾਰਣ ਮੌਤ ਹੋ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਪਿੰਡ ਸੈਫਲਪੁਰ ਦੋ ਪਾਸਿਓਂ ਬਰਸਾਤੀ ਨਦੀਆਂ ਦੇ ਨਾਲ ਘਿਰਿਆ ਹੋਇਆ ਅਤੇ ਅਜ਼ਾਦੀ ਮਿਲਣ ਤੋਂ ਬਾਅਦ ਹੁਣ ਤੱਕ ਪੁਲ ਨਸੀਬ ਨਹੀਂ ਹੋਇਆ। ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਸੈਫਲਪੁਰ ਵਿੱਚ ਇਹ ਦਰਦਨਾਕ ਘਟਨਾ ਵਾਪਰੀ।
ਪਾਣੀ ਦੇ ਬਹਾਅ ਦੇ ਵਿੱਚ ਫਸ ਗਿਆ:ਸੈਫਲਪੁਰ ਪਿੰਡ ਦੇ ਵਿੱਚੋਂ ਨਿਕਲ ਦੀ ਨਦੀ ਨੂੰ ਪਾਰ ਕਰਦੇ ਸਮੇਂ ਸਮੇਤ ਕਾਰ ਵਿਅਕਤੀ ਜਿਸ ਦਾ ਨਾਮ ਸਰੂਪ ਸਿੰਘ ਹੈ ਉਹ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨਦੀ ਦੇ ਵਿੱਚ ਰੁੜ ਗਿਆ ਹੈ। ਇਸ ਬਾਬਤ ਪੁਲਿਸ ਨੂੰ ਜਾਣਕਾਰੀ ਕਰੀਬ ਰਾਤ 10:30 ਵਜੇ ਮਿਲੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਉਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਵਿਅਕਤੀ ਵੱਲੋਂ ਨਦੀ ਵਿੱਚੋਂ ਗੱਡੀ ਕੱਢੀ ਜਾ ਰਹੀ ਸੀ ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਪਾਣੀ ਦਾ ਵਹਾਅ ਜਿਆਦਾ ਹੈ। ਜਦੋਂ ਉਹ ਵਿਚਕਾਰ ਨਦੀ ਦੇ ਪਹੁੰਚਿਆ ਤਾਂ ਪਾਣੀ ਦੀ ਆਮਦ ਜਿਆਦਾ ਹੋਣ ਕਾਰਨ ਗੱਡੀ ਬੰਦ ਹੋ ਗਈ। ਜਿਸ ਤੋਂ ਬਾਅਦ ਵਿਅਕਤੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਫੋਨ ਕੀਤਾ ਗਿਆ ਅਤੇ ਕਿਹਾ ਕਿ ਉਹ ਇਸ ਵਕਤ ਪਾਣੀ ਦੇ ਬਹਾਅ ਵਿੱਚ ਫਸ ਗਿਆ ਹੈ।
ਬਚਾਉਣ ਦੀ ਕੋਸ਼ਿਸ਼: ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਜਦੋਂ ਤੱਕ ਪਰਿਵਾਰਿਕ ਮੈਂਬਰ ਜਾਂ ਪੁਲਿਸ ਮਦਦ ਲਈ ਉਸ ਤੱਕ ਪਹੁੰਚੇ ਉਦੋਂ ਤੱਕ ਪਾਣੀ ਗੱਡੀ ਦੇ ਵਿੱਚ ਵੜ ਚੁੱਕਿਆ ਸੀ ਅਤੇ ਪਾਣੀ ਗੱਡੀ ਨੂੰ ਦੂਰ ਤੱਕ ਧਕੇਲ ਕੇ ਲੈ ਗਿਆ ਸੀ। ਜਦੋਂ ਤੱਕ ਪਿੰਡ ਵਾਸੀ ਉੱਥੇ ਪਹੁੰਚੇ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰੂਪ ਸਿੰਘ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਸਰੀਰ ਅੱਜ ਰੋਪੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿੱਥੇ ਪਰਿਵਾਰਿਕ ਮੈਂਬਰਾਂ ਵੱਲੋਂ ਸਾਰੀ ਗੱਲ ਦੱਸੀ ਗਈ।
ਪੁੱਲ ਬਣਾਉਣ ਦੀ ਮੰਗ: ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰੂਪ ਸਿੰਘ ਪਿੰਡ ਲਖਮੀਪੁਰ ਦਾ ਨਿਵਾਸੀ ਹੈ ਅਤੇ ਉਹ ਸੈਫਲਪੁਰ ਪਿੰਡ ਵੱਲ ਕਿਸੇ ਕੰਮ ਕਾਰਣ ਪਰਿਵਾਰਿਕ ਮੈਂਬਰਾਂ ਕੋਲ ਗਿਆ ਹੋਇਆ ਸੀ। ਵਾਪਿਸ ਪਰਤਣ ਸਮੇਂ ਇਹ ਘਟਨਾ ਹੋਈ ਹੈ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਕਿ ਪਿੰਡ ਸੈਫਲਪੁਰ ਦੋ ਨਦੀਆਂ ਦੇ ਵਿਚਕਾਰ ਮੌਜੂਦ ਹੈ। ਤਰਾਸਦੀ ਇਹ ਹੈ ਕਿ ਦੋਨਾਂ ਨਦੀਆਂ ਉੱਤੇ ਕੋਈ ਵੀ ਪੁਲ ਨਹੀਂ ਹੈ। ਜੇਕਰ ਕੋਈ ਅਣਜਾਣ ਵਿਅਕਤੀ ਪਿੰਡ ਵਿੱਚ ਆਉਂਦਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਨਦੀਆਂ ਚੜ੍ਹੀਆਂ ਹੋਣ ਕਾਰਨ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆ ਕਿਹਾ ਕਿ ਜਲਦ ਤੋਂ ਜਲਦ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅਜਿਹੀ ਘਟਨਾ ਆਉਣ ਵਾਲੇ ਸਮੇਂ ਵਿੱਚ ਨਾ ਹੋ ਸਕੇ।