ਬਠਿੰਡਾ :ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਐਲਾਨ ਨੂੰ ਮੁੱਖ ਰੱਖਦਿਆਂ ਹਰਿਆਣਾ ਸਰਕਾਰ ਪੱਬਾਂ ਭਾਰ ਹੋ ਗਈ ਹੈ। ਹਰਿਆਣਾ ਪੁਲਿਸ ਵੱਲੋਂ ਖਨੌਰੀ ਨੇੜੇ ਲੱਗਦੇ ਪੰਜਾਬ-ਹਰਿਆਣਾ ਬਾਰਡਰ ’ਤੇ ਵਧੇਰੇ ਚੌਕਸੀ ਵਧਾ ਦਿੱਤੀ ਹੈ ਅਤੇ ਕਿਸਾਨਾਂ ਨੂੰ ਹਰਿਆਣਾ ’ਚ ਦਾਖਲ ਹੋਣ ਤੋਂ ਰੋਕਣ ਲਈ ਵਿਊਂਤਬੰਦੀ ਕੀਤੀ ਜਾ ਰਹੀ ਹੈ। ਪੰਜਾਬ-ਹਰਿਆਣਾ ਬਾਰਡਰ ’ਤੇ ਹਰਿਆਣਾ ਪੁਲੀਸ ਵਲੋਂ ਵੱਡੀ ਤਾਦਾਦ ’ਚ ਬੈਰੀਕੇਡ ਤੋਂ ਇਲਾਵਾ ਲੋਹੇ ਦੇ ਕੰਟੇਨਰ ਅਤੇ ਸੀਮਿੰਟ ਦੀਆਂ ਭਾਰੀ ਸਲੈਬਾਂ ਵੀ ਲਿਆ ਕੇ ਰੱਖ ਦਿੱਤੀਆਂ ਹਨ।
ਪੁਲਿਸ ਵਿਭਾਗ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ :ਇਸ ਤੋਂ ਇਲਾਵਾ ਕਿਸਾਨਾਂ ਦੀਆਂ ਤਿਆਰੀਆਂ ਨੂੰ ਵੇਖਦੇ ਹੋਏ ਪੁਲਿਸ ਵਿਭਾਗ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਪੰਜਾਬ ਹਰਿਆਣਾ ਸਰਹੱਦ ਤੇ ਸਥਿਤ ਡੂਮ ਵਾਲੀ ਵੈਰੀਅਰ ਤੇ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਕੰਕਰੀਟ ਦੀਆਂ ਕੰਧਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਬੈਰੀਗੇਟਸ ਉੱਪਰ ਵੀ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ। ਆਉਣ ਜਾਣ ਲਈ ਸਿਰਫ ਇੱਕ ਹੀ ਗੱਡੀ ਲੰਘਣ ਦਾ ਰਾਹ ਛੱਡਿਆ ਗਿਆ ਹੈ ਅਤੇ ਕੰਕਰੀਟ ਦੀਆਂ ਦੀਵਾਰਾਂ ਵਿੱਚ ਮਿੱਟੀ ਭਰੀ ਜਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਮੱਦੇ ਨਜ਼ਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਹਰਿਆਣਾ ਪੰਜਾਬ ਸਰਹੱਦ ਤੇ ਤੈਨਾਤ ਕੀਤਾ ਗਿਆ।