ਅੰਮ੍ਰਿਤਸਰ:ਜ਼ਿਲ੍ਹੇ ਦੇ ਥਾਣਾ ਸੀ ਡਵੀਜ਼ਨ ਇਲਾਕੇ ਦੇ ਇੱਕ ਘਰ ਵਿੱਚੋਂ ਸੋਨਾ ਚੋਰੀ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਪਰਿਵਾਰ ਨੇ ਘਰ ਵਿੱਚ ਰੱਖੀ ਨੌਕਰਾਣੀ ਉੱਤੇ ਚੋਰੀ ਦੇ ਇਲਜ਼ਾਮ ਲਗਾਏ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਅਤੇ ਨਾ ਹੀ ਸਾਡੀ ਸੁਣਵਾਈ ਹੋ ਰਹੀ ਹੈ।
ਘਰ ਵਿੱਚੋਂ ਚੋਰੀ ਹੋਏ ਸੋਨੇ ਦਾ ਗਹਿਣੇ (Etv Bharat) 5 ਲੱਖ ਦਾ ਸੋਨਾ ਚੋਰੀ
ਘਰ ਦੀ ਮਾਲਕਿਨ ਮੋਨਿਕਾ ਨੇ ਦੱਸਿਆ ਕਿ ਸਾਡੇ ਘਰ ਪੂਜਾ ਨਾਂ ਦੀ ਔਰਤ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਹੀ ਹੈ। ਕੁਝ ਦਿਨ ਪਹਿਲਾਂ ਉਹ ਘਰ ਵਿੱਚ ਕੰਮ ਕਰਨ ਲਈ ਆਈ ਤਾਂ ਉਸ ਨੇ ਮੈਨੂੰ ਚਾਹ ਬਣਾਉਣ ਲਈ ਕਿਹਾ, ਜਦੋਂ ਮੈਂ ਚਾਹ ਬਣਾਉਣ ਲੱਗ ਗਈ ਤਾਂ ਉਹ ਕਾਹਲੀ ਵਿੱਚੋਂ ਸਾਡੇ ਘਰੋਂ ਚਲੀ ਗਈ। ਉਸ ਤੋਂ ਬਾਅਦ ਮੈਨੂੰ ਸ਼ੱਕ ਹੋਇਆ ਤਾਂ ਮੈਂ ਅਲਮਾਰੀ ਚੈੱਕ ਕੀਤੀ ਤਾਂ ਦੇਖਿਆ ਕਿ ਅਲਮਾਰੀ ਨੂੰ ਲਾਕ ਲੱਗਾ ਹੋਇਆ ਸੀ, ਜੋ ਕਿ ਪਹਿਲਾਂ ਨਹੀਂ ਲੱਗਾ ਸੀ। ਉਸ ਤੋਂ ਬਾਅਦ ਮੈਂ ਚੈੱਕ ਕੀਤਾ ਤਾਂ ਮੇਰੇ ਸੋਨੇ ਦੇ ਗਹਿਣੇ ਨਹੀਂ ਸਨ, ਜਿਸ ਤੋਂ ਬਾਅਦ ਮੈਂ ਆਪਣੀ ਕੰਮ ਕਰਨ ਵਾਲੀ ਨੂੰ ਫੋਨ ਕੀਤਾ ਪਰ ਉਸ ਨੇ ਕਿਹਾ ਕਿ ਉਹ ਅੱਜ ਕੰਮ ਉੱਤੇ ਨਹੀਂ ਆਵੇਗੀ।
ਮੋਨਿਕਾ ਨੇ ਦੱਸਿਆ ਕਿ ਇਸ ਸਾਰੀ ਘਟਨਾ ਬਾਰੇ ਮੈਂ ਆਪਣੇ ਪਤੀ ਨੂੰ ਦੱਸਿਆ ਜੋ ਘਰ ਨਹੀਂ ਸਨ ਤਾਂ ਉਹਨਾਂ ਨੇ ਮੈਨੂੰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਸੀ। ਮੈਂ ਉਸ ਤੋਂ ਬਾਅਦ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਸਮੇਂ ਮੇਰੇ ਨਾਲ 2 ਪੁਲਿਸ ਅਧਿਕਾਰੀ ਆਏ,ਜਿਨ੍ਹਾਂ ਨੇ ਪੂਜਾ ਤੋਂ ਪੁੱਛਗਿੱਛ ਪਰ ਉਹ ਨਹੀਂ ਮੰਨੀ। ਪੀੜਤ ਪਰਿਵਾਰ ਨੇ ਪੁਲਿਸ ਉੱਤੇ ਚੰਗੀ ਤਰ੍ਹਾਂ ਪੜਤਾਲ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਕਿਹਾ ਕਿ ਸਾਨੂੰ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ, ਅਸੀਂ ਮਾਮਲਾ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਸ਼ੱਕ ਦੇ ਅਧਾਰ ਉੱਤੇ ਆਪਣੀ ਨੌਕਰਾਣੀ ਉੱਤੇ ਇਲਜ਼ਾਮ ਲਗਾ ਰਿਹਾ ਹੈ। ਅਸੀਂ ਪੂਰੇ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਤੇ ਜੋ ਵੀ ਮੁਲਜ਼ਮ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।