ਅੰਮ੍ਰਿਤਸਰ: ਸਾਡੇ ਸਮਾਜ ਵਿੱਚ ਕਈ ਅਜਿਹੀਆਂ ਬਿਮਾਰੀਆਂ ਹਨ, ਜਿੰਨ੍ਹਾਂ ਦਾ ਇਲਾਜ ਜਾਂ ਤਾਂ ਸੰਭਵ ਨਹੀਂ ਹੈ, ਜੇਕਰ ਇਲਾਜ ਸੰਭਵ ਹੈ ਤਾਂ ਇਸ ਉੱਤੇ ਕਾਫੀ ਪੈਸਾ ਖਰਚ ਹੁੰਦਾ ਹੈ, ਇਸੇ ਤਰ੍ਹਾਂ ਦੀ ਇੱਕ ਬਿਮਾਰੀ ਡੀਐਮਡੀ ਹੈ, ਜਿਸ ਦਾ ਪੂਰਾ ਨਾਂਅ 'ਡੁਕੇਨ ਮਾਸਕੂਲਰ ਡਾਇਸਟ੍ਰੋਫੀ' ਹੈ, ਇਹ ਪਿੰਜਰ ਅਤੇ ਦਿਲ ਦੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ ਦਾ ਕਾਰਨ ਬਣਦੀ ਹੈ, ਜੋ ਸਮੇਂ ਦੇ ਨਾਲ ਤੇਜ਼ੀ ਨਾਲ ਵਿਗੜ ਜਾਂਦੀ ਹੈ। ਇਸ ਬਿਮਾਰੀ ਬਾਰੇ ਇਹ ਵੀ ਕਿਹਾ ਜਾਂਦਾ ਇਹ 3 ਹਜ਼ਾਰ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਹੁੰਦੀ ਹੈ। ਹੁਣ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਬੱਚੇ ਇਸਮੀਤ ਸਿੰਘ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ।
ਜਦੋਂ ਇਸ ਪਰਿਵਾਰ ਨਾਲ ਅਸੀਂ ਗੱਲਬਾਤ ਕੀਤੀ ਤਾਂ ਸਾਡੀ ਟੀਮ ਨਾਲ ਬੱਚੇ ਇਸਮੀਤ ਸਿੰਘ ਦੇ ਦਾਦੇ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ, "ਮੇਰੇ ਪੋਤਰੇ ਨੂੰ ਚਾਰ ਸਾਲ ਤੋਂ ਨਾ-ਮੁਰਾਦ ਬਿਮਾਰੀ ਹੈ, ਜਿਸ ਦਾ ਨਾਂਅ ਡਾਕਟਰਾਂ ਨੇ ਡੀਐਮਡੀ ਦੱਸਿਆ ਹੈ, ਮੇਰੇ ਬੇਟੇ ਅਤੇ ਮੇਰੀ ਬਹੂ ਨੇ ਇਸ ਬਿਮਾਰੀ ਕਾਰਨ ਬਹੁਤ ਹੀ ਭਜਦੌੜ ਕੀਤੀ ਹੈ, ਆਰਮੀ ਦੇ ਹਸਪਤਾਲ ਵਿੱਚ ਵੀ ਇਹਦਾ ਇਲਾਜ ਕਰਵਾਇਆ, ਜਿੱਥੇ ਇਸਦਾ ਇਲਾਜ ਸਫ਼ਲ ਨਹੀਂ ਹੋ ਪਾਇਆ ਹੈ।"
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਦੱਸਿਆ,"ਕਾਫੀ ਭੱਜਦੌੜ ਤੋਂ ਬਾਅਦ ਸਾਨੂੰ ਇਹਦਾ ਇਲਾਜ ਅਮਰੀਕਾ ਵਿੱਚ ਹੋਣ ਬਾਰੇ ਪਤਾ ਲੱਗਿਆ ਹੈ, ਜਿਸ ਦਾ ਖਰਚ 27 ਕਰੋੜ ਹੈ, ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧਤ ਹਾਂ, ਇੰਨਾ ਪੈਸਾ ਇੱਕਠਾ ਕਰਨਾ ਸਾਡੇ ਲਈ ਕਾਫੀ ਮੁਸ਼ਕਿਲ ਹੈ, ਹੁਣ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ , ਸਿਹਤ ਮੰਤਰੀ ਅਤੇ ਪੰਜਾਬ ਦੇ ਸੀਐਮ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਅਤੇ ਆਪਣੀ ਸ਼ਰਧਾ ਅਨੁਸਾਰ ਸਾਨੂੰ ਪੈਸਾ ਦਿੱਤਾ ਜਾਵੇ।" ਤੁਹਾਨੂੰ ਦੱਸ ਦੇਈਏ ਕਿ ਇਸ ਬੱਚੇ ਦੇ ਪਿਤਾ ਫੌਜੀ ਹਨ ਅਤੇ ਦਾਦਾ ਪਹਿਲਾਂ ਹੀ ਫੌਜ ਵਿੱਚ ਆਪਣੀ ਸੇਵਾ ਨਿਭਾ ਚੁੱਕਾ ਹੈ।