ਬਰਨਾਲਾ: ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਨਾ ਲੱਗਣ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪਰਾਲੀ ਨੂੰ ਅੱਗ ਲੱਗਣ ਦੇ ਕੇਸਾਂ 'ਤੇ ਬਾਜ਼ ਅੱਖ ਰੱਖੀ ਜਾ ਸਕੇ। ਇਸ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਵੀ ਖਾਸ ਜਿੰਮੇਵਾਰੀ ਦਿੱਤੀ ਗਈ ਹੈ। ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੀ ਹੁਣ ਬਰਨਾਲਾ ਜ਼ਿਲ੍ਹੇ ਵਿੱਚ ਮਨਰੇਗਾ ਮਜ਼ਦੂਰ ਨਿਗਰਾਨੀ ਕਰਨਗੇ।
25 ਪਿੰਡਾਂ ਦੀ ਹਾਟ ਸਪਾਟ ਵਜੋਂ ਪਛਾਣ
ਇਸ ਸਬੰਧ ਵਿੱਚ ਡਿਪਟੀ ਕਮਿਸ਼ਨ ਨੂੰ ਬਰਨਾਲਾ ਪੂਨਮਦੀਪ ਕੌਰ ਦੀ ਮਨਰੇਗਾ ਮਜ਼ਦੂਰਾਂ, ਪਿੰਡ ਦੇ ਨੰਬਰਦਾਰਾਂ ਅਤੇ ਹੋਰ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 25 ਪਿੰਡਾਂ ਦੀ ਹਾਟ ਸਪਾਟ ਵਜੋਂ ਪਛਾਣ ਕੀਤੀ ਗਈ ਹੈ, ਜਿੱਥੇ ਪਿਛਲੀ ਵਾਰ ਪਰਾਲੀ ਸਾੜਨ ਦੇ ਜਿਆਦਾ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਲਈ ਨਰੇਗਾ ਮਜ਼ਦੂਰਾਂ, ਆਂਗਣਵਾੜੀ ਵਰਕਰਾਂ, ਨੰਬਰਦਾਰਾਂ, ਪਿੰਡ ਦੇ ਨੌਜਵਾਨਾਂ ਨੂੰ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ, ਜਿਨ੍ਹਾਂ ਨਾਲ ਅੱਜ ਲੜੀਵਾਰ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰੇਕ ਨਰੇਗਾ ਵਰਕਰ ਪੰਜ ਕਿਸਾਨਾਂ ਦੀ ਨਿਗਰਾਨੀ ਕਰੇਗਾ। ਇਨ੍ਹਾਂ ਪਿੰਡਾਂ ਵਿੱਚ ਪਹਿਲਾਂ ਹੀ ਵਟਸਐਪ ਗਰੁੱਪ ਬਣਾਏ ਗਏ ਹਨ।
ਰਾਇਸ ਮਿੱਲਰ ਮਾਲਕਾਂ ਦੇ ਮਸਲੇ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤਾਂ ਵਿਚ ਅੱਗ ਲੱਗਣ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਵਿਅਕਤੀਆਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਗਣਤੰਤਰ ਦਿਵਸ ਸਮਾਗਮ ਮੌਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਅੱਜ ਪਿੰਡ ਮੌੜ ਨਾਭਾ, ਭੋਤਨਾ, ਧੌਲਾ, ਖੁੱਡੀ ਕਲਾਂ, ਛੀਨੀਵਾਲ ਕਲਾਂ ਤੇ ਉਗੋਕੇ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ। ਡਿਪਟੀ ਕਮਿਸ਼ਨਰ ਨੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਵੀ ਮੀਟਿੰਗ ਕੀਤੀ ਅਤੇ ਰਾਇਸ ਮਿੱਲਰ ਮਾਲਕਾਂ ਦੇ ਮਸਲੇ ਸੁਣੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਵਟਸਐਪ ਗਰੁੱਪ ਸਰਗਰਮ
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਆੜਤੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਨਾਲ ਜੁੜਿਆ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ। ਜੇਕਰ ਕੋਈ ਕਿਸਾਨ ਅਜਿਹਾ ਕਰਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਸਬੰਧਤ ਕਮਿਸ਼ਨ ਏਜੰਟ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਕੰਬਾਈਨ ਹਾਰਵੈਸਟਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਨਾ ਤਾਂ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਵਾਢੀ ਲਈ ਮਸ਼ੀਨਾਂ ਚਲਾਉਣ ਅਤੇ ਨਾ ਹੀ ਸੁਪਰ ਐਸਐਮਐਸ ਤੋਂ ਬਿਨਾਂ ਕੰਬਾਈਨਾਂ ਚਲਾਉਣ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਾਰੇ ਪਿੰਡਾਂ ਵਿੱਚ ਪਿੰਡ ਪੱਧਰੀ ਕਮੇਟੀਆਂ ਅਤੇ ਹਰੇਕ ਗਰੁੱਪ ਵਿੱਚ 30-40 ਵਿਅਕਤੀਆਂ ਦੇ ਵਟਸਐਪ ਗਰੁੱਪ ਸਰਗਰਮ ਕੀਤੇ ਜਾ ਚੁੱਕੇ ਹਨ। ਇਹ ਗਰੁੱਪ ਖੇਤਾਂ 'ਤੇ ਨਜ਼ਰ ਰੱਖ ਰਹੇ ਹਨ। ਜੇਕਰ ਕੋਈ ਵੀ ਕੰਬਾਈਨ ਮਸ਼ੀਨ ਬਿਨਾਂ ਸੁਪਰ ਐਸ.ਐਮ.ਐਸ ਦੇ ਚਲਦੀ ਪਾਈ ਗਈ ਤਾਂ ਮਾਲਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ
ਉਨ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਝਾੜ, ਜਿਸ ਵਿੱਚ ਨਮੀ ਦੀ ਮਾਤਰਾ ਸਰਕਾਰੀ ਨਿਰਧਾਰਿਤ ਸੀਮਾ ਤੋਂ ਵੱਧ ਹੋਵੇ, ਨੂੰ ਦਾਣਾ ਮੰਡੀਆਂ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਸ਼ੈਲਰ ਮਾਲਕਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਨ੍ਹਾਂ ਨਾਲ ਜੁੜੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮਿੱਲਰਾਂ ਦੇ ਸਾਰੇ ਮਸਲੇ ਹੱਲ ਕੀਤੇ ਜਾ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਹੁਣ ਖਰੀਦ ਸੀਜ਼ਨ ਲਈ ਸਰਗਰਮੀ ਨਾਲ ਤਿਆਰੀ ਕਰਨੀ ਚਾਹੀਦੀ ਹੈ।
ਐਸ.ਐਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਹਰ ਸਮੇਂ ਸਰਗਰਮ ਹੈ, ਜੇਕਰ ਕਿਸੇ ਵੀ ਮੰਡੀ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਸਬੰਧਤ ਐੱਸ ਐਚ ਓ ਨਾਲ ਤੁਰੰਤ ਰਾਬਤਾ ਕੀਤਾ ਜਾਵੇ।ਉਨ੍ਹਾਂ ਸਮੂਹ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਖੇਤ ਵਿੱਚ ਅੱਗ ਨਾ ਲੱਗਣ ਦਿੱਤੀ ਜਾਵੇ। ਮੀਟਿੰਗ ਵਿੱਚ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ, ਆੜਤੀਏ, ਕੰਬਾਈਨ ਮਾਲਕ, ਸ਼ੈਲਰ ਮਾਲਕ ਆਦਿ ਹਾਜ਼ਰ ਸਨ।