ਚੰਡੀਗੜ੍ਹ/ਨਵੀਂ ਦਿੱਲੀ: ਨੈਸ਼ਨਲ ਐਂਟੀ ਡੋਪਿੰਗ ਏਜੰਸੀ ਯਾਨੀ NADA ਨੇ ਪਹਿਲਵਾਨ ਬਜਰੰਗ ਪੂਨੀਆ 'ਤੇ 4 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਬਜਰੰਗ ਪੂਨੀਆ ਕੋਚਿੰਗ ਵੀ ਨਹੀਂ ਦੇ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਬਜਰੰਗ ਪੂਨੀਆ ਨੇ ਐਂਟੀ ਡੋਪਿੰਗ ਕੋਡ ਦੀ ਉਲੰਘਣਾ ਕੀਤੀ ਹੈ। ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ।
ਬਜਰੰਗ ਪੂਨੀਆ 'ਤੇ ਨਾਡਾ ਦੀ ਵੱਡੀ ਕਾਰਵਾਈ
ਰਾਸ਼ਟਰੀ ਟੀਮ ਦੀ ਚੋਣ ਲਈ ਨਾਡਾ ਦੀ ਟੀਮ ਬਜਰੰਗ ਪੂਨੀਆ ਦੇ ਡੋਪ ਟੈਸਟ ਲਈ ਸੈਂਪਲ ਲੈਣ ਆਈ ਸੀ। ਉਦੋਂ ਬਜਰੰਗ ਪੂਨੀਆ ਨੇ ਡੋਪ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਲਈ ਨਾਡਾ ਨੇ ਪਹਿਲਵਾਨ ਬਜਰੰਗ ਪੂਨੀਆ ਖਿਲਾਫ ਇਹ ਕਾਰਵਾਈ ਕੀਤੀ ਹੈ।
4 ਸਾਲ ਲਈ ਲਗਾਈ ਪਾਬੰਦੀ
ਇਸ ਸਬੰਧੀ ADDP ਨੇ ਕਿਹਾ "ਬਜਰੰਗ ਪੂਨੀਆ ਨੂੰ 4 ਸਾਲ ਦੀ ਮਿਆਦ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਪਾਬੰਦੀ ਦਾ ਮਤਲਬ ਹੈ ਕਿ ਬਜਰੰਗ ਕੁਸ਼ਤੀ ਵਿੱਚ ਵਾਪਸ ਨਹੀਂ ਆ ਸਕਣਗੇ। ਉਹ ਵਿਦੇਸ਼ ਵਿੱਚ ਕੋਚਿੰਗ ਦੀ ਨੌਕਰੀ ਲਈ ਵੀ ਅਪਲਾਈ ਨਹੀਂ ਕਰ ਸਕਣਗੇ। ਬਜਰੰਗ 'ਤੇ 4 ਸਾਲ ਦੀ ਪਾਬੰਦੀ 23 ਅਪ੍ਰੈਲ 2024 ਤੋਂ ਲਾਗੂ ਹੋਵੇਗੀ"।
ਕੀ ਸੀ ਪੂਰਾ ਮਾਮਲਾ?
ਦਰਅਸਲ, ਨਾਡਾ ਦੀ ਟੀਮ ਪਹਿਲਵਾਨ ਬਜਰੰਗ ਪੂਨੀਆ ਦਾ ਡੋਪ ਟੈਸਟ ਕਰਵਾਉਣ ਆਈ ਸੀ। ਜਿਸ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਹਨ। ਬਜਰੰਗ ਪੂਨੀਆ ਨੇ ਦਾਅਵਾ ਕੀਤਾ ਸੀ ਕਿ ਨਾਡਾ ਦੀ ਟੀਮ ਵੱਲੋਂ ਜਾਂਚ ਲਈ ਲਿਆਂਦੀ ਗਈ ਕਿੱਟ ਦੀ ਮਿਆਦ ਪੁੱਗ ਚੁੱਕੀ ਹੈ। ਇਸ ਤੋਂ ਬਾਅਦ ਬਜਰੰਗ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਸਾਰੀ ਘਟਨਾ ਬਿਆਨ ਕੀਤੀ ਸੀ।
ਬਜਰੰਗ ਪੁਨੀਆ ਨੇ ਕੀ ਕਿਹਾ?
ਇਸ ਪੂਰੇ ਮਾਮਲੇ 'ਤੇ ਬਜਰੰਗ ਪੂਨੀਆ ਨੇ ਕਿਹਾ, "ਮੈਂ ਕਦੇ ਵੀ ਸੈਂਪਲ ਦੇਣ ਤੋਂ ਇਨਕਾਰ ਨਹੀਂ ਕੀਤਾ, ਪਰ ਮੇਰੇ ਕੋਲ ਭੇਜੀ ਗਈ ਕਿੱਟ ਦੀ ਮਿਆਦ ਖਤਮ ਹੋ ਗਈ ਸੀ। ਇਸ ਲਈ ਮੈਂ ਈਮੇਲ 'ਤੇ ਨਾਡਾ ਦੀ ਪ੍ਰਤੀਕਿਰਿਆ ਜਾਣਨ ਦੀ ਮੰਗ ਕੀਤੀ ਸੀ।"