ਨਵੀਂ ਦਿੱਲੀ: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਨਮ ਅੱਖਾਂ ਅਤੇ ਮਿੱਠੀਆਂ ਯਾਦਾਂ ਨਾਲ ਭਾਰਤ ਪਰਤ ਆਈ ਹੈ। ਤਗਮੇ ਤੋਂ ਮਾਮੂਲੀ ਤੌਰ 'ਤੇ ਖੁੰਝਣ ਵਾਲੇ ਇਸ ਬਹਾਦਰ ਪਹਿਲਵਾਨ ਦਾ ਆਪਣੇ ਦੇਸ਼ 'ਚ ਭਰਵਾਂ ਸਵਾਗਤ ਹੋਇਆ। ਸਰਕਾਰ ਵੱਲੋਂ ਵਿਨੇਸ਼ ਨੂੰ ਚੈਂਪੀਅਨ ਐਲਾਨਿਆ ਗਿਆ, ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਹਰ ਉਹ ਸਨਮਾਨ ਮਿਲੇਗਾ ਜੋ ਉਨ੍ਹਾਂ ਨੂੰ ਮੈਡਲ ਜਿੱਤਣ 'ਤੇ ਮਿਲਣਾ ਸੀ। ਪਰ, ਕੀ ਇਹ ਕਾਫ਼ੀ ਹੈ?
25 ਅਗਸਤ 1994 ਨੂੰ ਜਨਮੀ ਵਿਨੇਸ਼ ਫੋਗਾਟ ਅੱਜ 30 ਸਾਲ ਦੀ ਹੋ ਗਈ ਹੈ। ਭਾਰਤ ਦੇ ਸਭ ਤੋਂ ਮਸ਼ਹੂਰ ਕੁਸ਼ਤੀ ਪਰਿਵਾਰ ਵਿੱਚੋਂ ਇੱਕ, ਵਿਨੇਸ਼ ਆਪਣੀਆਂ ਚਚੇਰੀਆਂ ਭੈਣਾਂ ਗੀਤਾ ਫੋਗਾਟ ਅਤੇ ਬਬੀਤਾ ਕੁਮਾਰੀ ਦੇ ਨਕਸ਼ੇ ਕਦਮਾਂ 'ਤੇ ਚੱਲੀ। ਤਿੰਨ ਓਲੰਪਿਕ ਖੇਡ ਚੁੱਕੀ ਇਸ ਪਹਿਲਵਾਨ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਪਰ ਉਸ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਵਿਨੇਸ਼ 2028 ਦੀਆਂ ਓਲੰਪਿਕ ਖੇਡਾਂ ਖੇਡੇਗੀ।
ਪੈਰਿਸ 'ਚ ਸੋਨ ਤਗਮਾ ਹਾਸਲ ਕਰਨ ਲਈ ਵਿਨੇਸ਼ ਨੇ ਇਕ ਹੀ ਦਿਨ 'ਚ ਤਿੰਨ ਮਹਾਨ ਪਹਿਲਵਾਨਾਂ ਨੂੰ ਹਰਾਇਆ ਪਰ ਨਿਯਮਾਂ ਦੇ ਸਾਹਮਣੇ ਹਾਰ ਗਈ।
'ਮਾਂ, ਮੈਂ ਹਾਰ ਗਈ ਤੇ ਕੁਸ਼ਤੀ ਜਿੱਤ ਗਈ...', ਇਹ ਸ਼ਬਦ ਵਿਨੇਸ਼ ਦੇ ਦਰਦ ਨੂੰ ਬਿਆਨ ਕਰਨ ਲਈ ਕਾਫੀ ਹਨ ਕਿਉਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਇਸ ਮਹਿਲਾ ਪਹਿਲਵਾਨ ਨੂੰ ਆਪਣੀ ਕਿਸਮਤ ਸਾਹਮਣੇ ਹਾਰ ਮੰਨਣੀ ਪਈ ਸੀ। 2016, 2020 ਅਤੇ ਹੁਣ 2024 - ਤਿੰਨੋਂ ਮੌਕਿਆਂ 'ਤੇ ਵਿਨੇਸ਼ ਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ।
ਕਦੇ ਸੱਟ, ਕਦੇ ਵੱਡੀ ਪਰੇਸ਼ਾਨੀ ਅਤੇ ਹੁਣ ਸਿਰਫ਼ 100 ਗ੍ਰਾਮ ਦੇ ਕਾਰਨ ਫਾਈਨਲ ਤੋਂ ਅਯੋਗ ਹੋ ਜਾਣਾ ਕਿਸੇ ਵੀ ਖਿਡਾਰੀ ਲਈ ਸਹਿਣਾ ਆਸਾਨ ਨਹੀਂ ਹੈ। ਅਜਿਹਾ ਨਹੀਂ ਹੈ ਕਿ ਇਸ ਪਹਿਲਵਾਨ ਦੇ ਨਾਂ ਕੋਈ ਮੈਡਲ ਨਹੀਂ ਹੈ।
ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ 3 ਸੋਨ ਤਮਗੇ ਜਿੱਤੇ ਹਨ। ਉਨ੍ਹਾਂ ਨੇ 2014 ਗਲਾਸਗੋ, 2018 ਗੋਲਡ ਕੋਸਟ ਅਤੇ 2022 ਬਰਮਿੰਘਮ ਖੇਡਾਂ ਵਿੱਚ ਇਹ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਵਿਨੇਸ਼ ਨੇ 2018 ਜਕਾਰਤਾ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਏਸ਼ੀਅਨ ਚੈਂਪੀਅਨਸ਼ਿਪ 2021 ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ 3 ਚਾਂਦੀ ਦੇ ਤਗਮੇ ਜਿੱਤੇ। ਵਿਨੇਸ਼ ਫੋਗਾਟ ਵਿਸ਼ਵ ਚੈਂਪੀਅਨਸ਼ਿਪ 'ਚ ਹੁਣ ਤੱਕ ਦੋ ਵਾਰ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ ਪਰ ਓਲੰਪਿਕ ਮੰਚ 'ਤੇ ਇਸ ਖਿਡਾਰਨ ਦੀ ਹਾਲਤ 'ਚੋਕਰ' ਵਰਗੀ ਹੋ ਗਈ ਹੈ।