ਨੈਰੋਬੀ (ਯੁਗਾਂਡਾ) : ਯੁਗਾਂਡਾ ਦੀ ਮਹਿਲਾ ਦੌੜਾਕ ਰੇਬੇਕਾ ਚੇਪੇਟੇਗੀ ਨੂੰ ਉਨ੍ਹਾਂ ਦੇ ਸਾਥੀ ਨੇ ਸਾੜ ਕੇ ਮਾਰ ਦਿੱਤਾ। ਯੁਗਾਂਡਾ ਦੇ ਮੈਰਾਥਨ ਦੌੜਾਕ ਦੀ ਸਿਰਫ 33 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਨ੍ਹਾਂ ਨੇ ਅਸਲ ਵਿੱਚ ਕੋਈ ਤਗਮਾ ਨਹੀਂ ਜਿੱਤਿਆ, ਪਰ ਪਿਛਲੇ ਮਹੀਨੇ ਪੈਰਿਸ ਓਲੰਪਿਕ ਵਿੱਚ ਮੈਰਾਥਨ ਵਿੱਚ ਹਿੱਸਾ ਲਿਆ ਸੀ।
ਸੜ ਗਿਆ ਸੀ ਸਰੀਰ ਦਾ 80 ਫੀਸਦੀ ਹਿੱਸਾ: ਵੀਰਵਾਰ ਨੂੰ ਹਸਪਤਾਲ ਦੇ ਅਧਿਕਾਰੀਆਂ ਨੇ ਰੇਬੇਕਾ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ। ਦੱਸਿਆ ਗਿਆ ਕਿ ਉਨ੍ਹਾਂ ਦੇ ਸਾਥੀ ਵੱਲੋਂ ਕੀਤੇ ਗਏ ਹਮਲੇ ਕਾਰਨ ਓਲੰਪੀਅਨ ਦਾ 80 ਫੀਸਦੀ ਸਰੀਰ ਸੜ ਗਿਆ ਸੀ। ਰੇਬੇਕਾ ਨੇ ਹਾਲ ਹੀ ਵਿੱਚ ਪੈਰਿਸ ਵਿੱਚ ਓਲੰਪਿਕ ਵਿੱਚ ਔਰਤਾਂ ਦੀ ਮੈਰਾਥਨ ਵਿੱਚ ਹਿੱਸਾ ਲਿਆ, ਜਿੱਥੇ ਉਹ 44ਵੇਂ ਸਥਾਨ 'ਤੇ ਰਹੀ। ਪੁਲਿਸ ਮੁਤਾਬਕ ਇਹ ਮੌਤ ਜ਼ਮੀਨੀ ਵਿਵਾਦ ਕਾਰਨ ਹੋਈ ਹੈ।
ਜ਼ਮੀਨੀ ਵਿਵਾਦ 'ਚ ਸਾਥੀ ਨੇ ਜ਼ਿੰਦਾ ਸਾੜਿਆ: ਘਟਨਾ ਵਿਚ ਦੋਵੇਂ ਜ਼ਖਮੀ ਹੋ ਗਏ, ਹਾਲਾਂਕਿ ਰੇਬੇਕਾ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਦਾ ਸਾਥੀ ਆਈਸੀਯੂ ਵਿੱਚ ਮੌਤ ਨਾਲ ਲੜ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਐਂਡੀਮਾ ਦਾ ਸਰੀਰ 30 ਫੀਸਦੀ ਸੜ ਗਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹ ਠੀਕ ਹੋ ਰਿਹਾ ਹੈ। ਐਥਲੀਟ ਦੇ ਪਰਿਵਾਰ ਮੁਤਾਬਕ ਰੇਬੇਕਾ ਨੇ ਟਰੇਨਿੰਗ ਸੈਂਟਰ ਨੇੜੇ ਟਰਾਂਸ ਨਜ਼ੋਈਆ ਇਲਾਕੇ 'ਚ ਜ਼ਮੀਨ ਖਰੀਦੀ ਅਤੇ ਉੱਥੇ ਘਰ ਬਣਾਇਆ। ਉਨ੍ਹਾਂ ਦਾ ਆਪਣੇ ਸਾਥੀ ਨਾਲ ਉਕਤ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਦਾ ਨਤੀਜਾ ਭਿਆਨਕ ਨਿਕਲਿਆ।
ਰੇਬੇਕਾ ਦੇ ਮਾਪਿਆਂ ਨੇ ਮੁਲਜ਼ਮ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਧਰ ਯੁਗਾਂਡਾ ਅਥਲੈਟਿਕਸ ਫੈਡਰੇਸ਼ਨ ਦੇਸ਼ ਦੀ ਓਲੰਪਿਕ ਕਮੇਟੀ ਦੇ ਪ੍ਰਧਾਨ ਡੋਨਾਲਡ ਰਕਰ ਨੇ ਇਸ ਘਟਨਾ ਨੂੰ 'ਕਾਇਰਤਾਪੂਰਨ ਹਮਲਾ' ਕਰਾਰ ਦਿੱਤਾ ਹੈ।