ਨਵੀਂ ਦਿੱਲੀ :ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2024 'ਚ ਐਤਵਾਰ ਨੂੰ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2024 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਨਿਊਜ਼ੀਲੈਂਡ 'ਤੇ ਅਫਗਾਨਿਸਤਾਨ ਕ੍ਰਿਕਟ ਟੀਮ ਦੀ ਇਹ ਪਹਿਲੀ ਜਿੱਤ ਹੈ। ਟਾਸ ਹਾਰਨ ਤੋਂ ਬਾਅਦ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਕੀਵੀ ਟੀਮ 75 ਦੌੜਾਂ 'ਤੇ ਹੀ ਢੇਰ ਹੋ ਗਈ।
ਗੁਰਬਾਜ਼ ਨੇ 80 ਦੌੜਾਂ ਦੀ ਪਾਰੀ ਖੇਡੀ :ਅਫਗਾਨਿਸਤਾਨ ਲਈ ਵਿਕਟਕੀਪਰ ਰਹਿਮਾਨਉੱਲ੍ਹਾ ਗੁਰਜ਼ਾਬ ਨੇ ਅਰਧ ਸੈਂਕੜੇ ਦੀ ਸ਼ਾਨਦਾਰ ਪਾਰੀ ਖੇਡੀ। ਗੁਰਬਾਜ਼ ਨੇ 56 ਗੇਂਦਾਂ 'ਤੇ 5 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਇਬਰਾਹਿਮ ਜ਼ਦਰਾਨ ਨੇ 41 ਗੇਂਦਾਂ ਵਿੱਚ 44 ਦੌੜਾਂ ਬਣਾਈਆਂ, ਹਾਲਾਂਕਿ ਉਸ ਦੀ ਪਾਰੀ ਹੌਲੀ ਰਹੀ। ਜ਼ਦਰਾਨ ਨੇ 3 ਚੌਕੇ ਅਤੇ 2 ਛੱਕੇ ਲਗਾਏ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਅਫਗਾਨਿਸਤਾਨ ਦੀ ਟੀਮ 159 ਦੌੜਾਂ ਹੀ ਬਣਾ ਸਕੀ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਤੋਂ ਇਲਾਵਾ ਕਪਤਾਨ ਰਾਸ਼ਿਦ ਖਾਨ ਨੇ 6, ਮੁਹੰਮਦ ਨਬੀ 0, ਕਰੀਮ ਜੰਨਤ 1, ਗੁਲਬਦੀਨ ਨਾਇਬ 0, ਅਜ਼ਮਤ ਉੱਲਾ ਉਮਰਜ਼ਈ ਨੇ 22 ਦੌੜਾਂ ਬਣਾਈਆਂ। ਗੁਰਬਾਜ਼ ਨੂੰ ਉਸ ਦੇ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।