ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸਾਈਮ ਅਯੂਬ ਦਾ ਚੈਂਪੀਅਨਜ਼ ਟਰਾਫੀ 2025 'ਚ ਖੇਡਣਾ ਸ਼ੱਕੀ ਲੱਗ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਚੈਂਪੀਅਨਜ਼ ਟਰਾਫੀ ਛੱਡਣੀ ਪੈ ਸਕਦੀ ਹੈ। ਜੇਕਰ ਉਹ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਹੋ ਜਾਂਦਾ ਹੈ ਤਾਂ ਇਹ ਪਾਕਿਸਤਾਨੀ ਟੀਮ ਲਈ ਬਹੁਤ ਵੱਡਾ ਝਟਕ ਹੋਵੇਗਾ। ਉਹ ਟੀਮ ਦੀ ਬੱਲੇਬਾਜ਼ੀ ਲਾਈਨਅੱਪ ਦਾ ਅਹਿਮ ਖਿਡਾਰੀ ਹੈ, ਉਸ ਦੀ ਗੈਰਹਾਜ਼ਰੀ ਵਿੱਚ ਪਾਕਿਸਤਾਨ ਦਾ ਬੱਲੇਬਾਜ਼ੀ ਕ੍ਰਮ ਕਮਜ਼ੋਰ ਨਜ਼ਰ ਆ ਰਿਹਾ ਹੈ। ਟੀਮ ਨੂੰ ਇਸ ਕਾਰਨ ਟਰਾਫੀ 'ਚ ਵੀ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਸਾਈਮ ਅਯੂਬ ਬਾਰੇ ਲੰਡਨ ਦੇ ਇੱਕ ਮਾਹਰ ਨੇ ਕਿਹਾ ਹੈ ਕਿ ਉਸ ਦੇ ਗਿੱਟੇ ਦੀ ਸੱਟ ਨੂੰ ਠੀਕ ਹੋਣ ਵਿੱਚ ਛੇ ਹਫ਼ਤਿਆਂ ਤੋਂ ਵੱਧ ਸਮਾਂ ਲੱਗ ਸਕਦਾ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ 22 ਸਾਲਾ ਅਯੂਬ ਨੂੰ ਕੇਪਟਾਊਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਗਏ ਦੂਜੇ ਟੈਸਟ ਮੈਚ ਦੌਰਾਨ ਗਿੱਟੇ ਵਿੱਚ ਫ੍ਰੈਕਚਰ ਹੋ ਗਿਆ ਸੀ।
ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਆਪਣੇ ਸਟਾਰ ਬੱਲੇਬਾਜ਼ ਨੂੰ ਕੇਪਟਾਊਨ ਤੋਂ ਲੰਡਨ ਭੇਜਿਆ ਹੈ ਤਾਂ ਕਿ ਸੱਟ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾ ਸਕੇ। ਉਨ੍ਹਾਂ ਦਾ ਇਲਾਜ ਆਰਥੋਪੀਡਿਕ ਸਰਜਨ ਡਾ: ਲੱਕੀ ਜੈਸਲੀਨ ਵੱਲੋਂ ਕੀਤਾ ਗਿਆ। ਪੀਸੀਬੀ ਦੇ ਇੱਕ ਭਰੋਸੇਯੋਗ ਸੂਤਰ ਨੇ ਪੀਟੀਆਈ ਨੂੰ ਦੱਸਿਆ, 'ਡਾ. ਜੈਸਲੀਨ ਨੇ ਸਾਈਮ ਨੂੰ ਸਲਾਹ ਦਿੱਤੀ ਹੈ ਕਿ ਉਹ ਕ੍ਰਿਕਟ ਖੇਡਣ ਵਿੱਚ ਜਲਦਬਾਜ਼ੀ ਨਾ ਕਰੇ ਕਿਉਂਕਿ ਇਹ ਉਸਦੇ ਗਿੱਟੇ ਦੀ ਸੱਟ ਲਈ ਘਾਤਕ ਹੋ ਸਕਦੀ ਹੈ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਈਮ ਅਯੂਬ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਛੇ ਹਫ਼ਤਿਆਂ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਹਲਾਤਾਂ ਨੂੰ ਦੇਖਦੇ ਹੋਏ ਉਸ ਲਈ ਚੈਂਪੀਅਨਜ਼ ਟਰਾਫੀ ਦੀ ਟੀਮ 'ਚ ਜਗ੍ਹਾ ਬਣਾਉਣਾ ਮੁਸ਼ਕਲ ਜਾਪਦਾ ਹੈ ਕਿਉਂਕਿ ਉਸ ਨੂੰ ਠੀਕ ਹੋਣ 'ਚ ਸਮਾਂ ਲੱਗ ਸਕਦਾ ਹੈ। ਨੌਜਵਾਨ ਖਿਡਾਰੀ ਆਉਣ ਵਾਲੇ ਹਫ਼ਤਿਆਂ ਵਿੱਚ ਇੱਕ ਹੋਰ ਟੈਸਟ ਤੋਂ ਗੁਜ਼ਰੇਗਾ, ਜਿਸ ਤੋਂ ਬਾਅਦ ਚੋਣਕਾਰ ਰਾਸ਼ਟਰੀ ਟੀਮ ਵਿੱਚ ਉਸਦੀ ਜਗ੍ਹਾ ਬਾਰੇ ਫੈਸਲਾ ਕਰਨਗੇ।
ਸੂਤਰ ਨੇ ਕਿਹਾ, 'ਚੋਣਕਰਤਾ ਉਸ ਨੂੰ ਸ਼ੁਰੂਆਤੀ ਟੀਮ 'ਚ ਚਾਹੁੰਦੇ ਹਨ ਤਾਂ ਕਿ ਉਹ ਟੂਰਨਾਮੈਂਟ ਦੀ ਤਕਨੀਕੀ ਕਮੇਟੀ ਨੂੰ ਅੰਤਿਮ 15 ਮੈਂਬਰੀ ਟੀਮ ਸੌਂਪਣ ਤੋਂ ਪਹਿਲਾਂ ਦੇਖ ਸਕਣ ਕਿ ਉਸ ਦੀ ਰਿਕਵਰੀ ਕਿਵੇਂ ਹੁੰਦੀ ਹੈ।' ਇਮਾਮ-ਉਲ-ਹੱਕ ਨੂੰ ਵੈਸਟਇੰਡੀਜ਼ ਦੇ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਸਾਈਮ ਦੀ ਜਗ੍ਹਾ ਲੈਣ ਦੀ ਸੰਭਾਵਨਾ ਹੈ, ਜਦੋਂ ਕਿ ਫਖਰ ਜ਼ਮਾਨ ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ 22 ਸਾਲਾ ਖਿਡਾਰੀ ਦੀ ਜਗ੍ਹਾ ਲੈ ਸਕਦਾ ਹੈ।