ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਆਪਣੀ ਰਿਹਾਇਸ਼ 'ਤੇ ਭਾਰਤ ਦੇ ਪੈਰਾਲੰਪੀਅਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਰਿਕਾਰਡ 29 ਤਗਮੇ ਜਿੱਤਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਖੇਡ ਮੰਤਰਾਲੇ ਵੱਲੋਂ ਸ਼ੇਅਰ ਕੀਤੇ ਗਏ 43 ਸੈਕਿੰਡ ਦੇ ਵੀਡੀਓ ਵਿੱਚ ਪ੍ਰਧਾਨ ਮੰਤਰੀ ਨੂੰ ਪੈਰਾਲੰਪੀਅਨ ਮੈਡਲ ਜੇਤੂਆਂ ਨੂੰ ਵਧਾਈ ਦਿੰਦੇ ਅਤੇ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਇਸ ਗੱਲਬਾਤ ਦੌਰਾਨ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਪੈਰਾਲੰਪਿਕ ਕਮੇਟੀ ਆਫ ਇੰਡੀਆ (ਪੀਸੀਆਈ) ਦੇ ਮੁਖੀ ਦੇਵੇਂਦਰ ਝਾਂਝਡੀਆ ਵੀ ਮੌਜੂਦ ਸਨ।
ਨਿਸ਼ਾਨੇਬਾਜ਼ ਅਵਨੀ ਲੇਖਰਾ, ਜਿਸ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ (SH1) ਈਵੈਂਟ ਵਿੱਚ ਆਪਣਾ ਲਗਾਤਾਰ ਦੂਜਾ ਪੈਰਾਲੰਪਿਕ ਸੋਨ ਤਮਗਾ ਜਿੱਤਿਆ, ਅਤੇ ਨੇਤਰਹੀਣ ਜੂਡੋ ਖਿਡਾਰੀ ਕਪਿਲ ਪਰਮਾਰ, ਪੈਰਾਲੰਪਿਕ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਜੂਡੋ ਖਿਡਾਰੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ, ਜਿੰਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਫੋਟੋ ਖਿਚਵਾਉਂਦੇ ਹੋਏ ਦੇਖਿਆ ਗਿਆ। ਪਰਮਾਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਤਗਮੇ 'ਤੇ ਦਸਤਖ਼ਤ ਕਰਵਾਉਂਦੇ ਹੋਏ ਦੇਖਿਆ ਗਿਆ।