ਬੈਂਗਲੁਰੂ: ਕੋਲਕਾਤਾ ਨਾਈਟ ਰਾਈਡਰਜ਼ ਨੇ ਆਰਸੀਬੀ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਕੇਕੇਆਰ ਨੇ ਆਰਸੀਬੀ ਵੱਲੋਂ ਦਿੱਤੇ 183 ਦੌੜਾਂ ਦੇ ਟੀਚੇ ਨੂੰ ਸਿਰਫ਼ 16.5 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਵਿਨਿੰਗ ਸ਼ਾਰਟ ਭਾਵੇਂ ਕਪਤਾਨ ਸ਼੍ਰੇਅਸ ਅਈਅਰ ਨੇ ਲਗਾਇਆ ਪਰ ਮੈਚ ਦੀ ਨੀਂਹ ਟੀਮ ਦੇ ਓਪਨਰ ਬੱਲੇਬਾਜ਼ ਸੁਨੀਲ ਨਰੈਣ ਅਤੇ ਫਿਲ ਸਾਲਟ ਨੇ ਕੇਕੇਆਰ ਲਈ ਰੱਖੀ।
ਸ਼ਾਨਦਾਰ ਬੱਲੇਬਾਜ਼ੀ: ਕੋਲਕਾਤਾ ਨਾਈਟ ਰਾਈਡਰਜ਼ ਦੇ ਦੋਵਾਂ ਓਪਨਰਾਂ ਦੀ ਤੁਫਾਨੀ ਬੱਲੇਬਾਜ਼ੀ ਕਾਰਣ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਦਿੱਤਾ ਗਿਆ 183 ਦੌੜਾਂ ਦਾ ਟੀਚਾ ਬਹੁਤ ਛੋਟਾ ਵਿਖਾਈ ਦਿੱਤਾ। ਓਪਨਰ ਸੁਨੀਲ ਨਰਾਇਣ ਦੇ ਆਊਟ ਹੋਣ ਤੋਂ ਬਾਅਦ ਕਰੀਜ ਉੱਤੇ ਆਏ ਬੱਲੇਬਾਜ਼ ਵੈਂਕੇਟੇਸ਼ ਅਈਅਰ ਨੇ ਵੀ ਆਰਸੀਬੀ ਦੇ ਗੇਂਦਬਾਜ਼ਾਂ ਨੂੰ ਵਾਪਸੀ ਦਾ ਕੋਈ ਮੌਕਾ ਨਾ ਦਿੰਦਿਆਂ ਸ਼ਾਨਦਾਰ ਅਰਧ ਸੈੈਂਕੜਾ ਜੜਿਆ ਅਤੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ
183 ਦੌੜਾਂ ਦਾ ਟੀਚਾ: ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 183 ਦੌੜਾਂ ਦਾ ਟੀਚਾ ਦਿੱਤਾ ਸੀ। ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 59 ਗੇਂਦਾਂ ਵਿੱਚ 83 ਦੌੜਾਂ ਬਣਾ ਕੇ ਅਜੇਤੂ ਰਹੇ। ਵਿਰਾਟ ਨੇ ਇਸ ਪਾਰੀ 'ਚ 4 ਚੌਕੇ ਅਤੇ 4 ਛੱਕੇ ਲਗਾਏ। ਕੈਮਰੂਨ ਗ੍ਰੀਨ ਨੇ 33 ਅਤੇ ਗਲੇਨ ਮੈਕਸਵੈੱਲ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਉੱਥੇ ਹੀ ਕੇਕੇਆਰ ਲਈ ਹਰਸ਼ਿਤ ਰਾਣਾ ਅਤੇ ਆਂਦਰੇ ਰਸਲ ਨੇ 2-2 ਵਿਕਟਾਂ ਲਈਆਂ। ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 36 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਆਈਪੀਐਲ 2024 ਵਿੱਚ ਇਹ ਉਸ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਹੈ।