ਨਵੀਂ ਦਿੱਲੀ:ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵਾਂ ਅਤੇ ਆਖਰੀ ਟੈਸਟ ਮੈਚ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਇਕ ਰਿਪੋਰਟ ਮੁਤਾਬਕ 7 ਮਾਰਚ ਤੋਂ ਸ਼ੁਰੂ ਹੋਣ ਵਾਲੇ ਇਸ ਮੈਚ ਲਈ ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ 'ਚ ਵਾਪਸੀ ਹੋ ਸਕਦੀ ਹੈ, ਜਦਕਿ ਕੇਐੱਲ ਰਾਹੁਲ ਲਈ ਪੰਜਵੇਂ ਟੈਸਟ 'ਚ ਖੇਡਣਾ ਮੁਸ਼ਕਿਲ ਹੈ। ਟੀਮ ਮੈਨੇਜਮੈਂਟ ਕੇਐੱਲ ਰਾਹੁਲ ਦੀ ਸੱਟ 'ਤੇ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ ਹੈ।
ਪੂਰੀ ਤਰ੍ਹਾਂ ਫਿੱਟ ਨਹੀਂ ਰਾਹੁਲ : ਰਾਹੁਲ ਨੇ ਪਿਛਲੇ ਸਾਲ ਹੀ ਆਪਣੇ ਸੱਜੇ ਕਵਾਡ੍ਰਿਸਪਸ ਦੀ ਸਰਜਰੀ ਕਰਵਾਈ ਸੀ। ਖਬਰਾਂ ਮੁਤਾਬਕ ਕੇਐੱਲ ਰਾਹੁਲ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਹਾਲਾਂਕਿ, ਰਾਜਕੋਟ ਟੈਸਟ 'ਚ ਉਨ੍ਹਾਂ ਨੂੰ 90 ਫੀਸਦੀ ਫਿੱਟ ਮੰਨਿਆ ਗਿਆ ਸੀ। ਇਸ ਤੋਂ ਬਾਅਦ ਰਾਂਚੀ ਟੈਸਟ 'ਚ ਵੀ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ NCA ਪ੍ਰਬੰਧਕ ਉਸ ਦੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ।
ਖੇਡਣਾ ਫਿਟਨੈੱਸ 'ਤੇ ਨਿਰਭਰ :ਹੈਦਰਾਬਾਦ ਵਿੱਚ ਪਹਿਲੇ ਟੈਸਟ ਤੋਂ ਬਾਅਦ,ਰਾਹੁਲ ਨੂੰ ਸਾਵਧਾਨੀ ਦੇ ਤੌਰ 'ਤੇ ਵਿਸ਼ਾਖਾਪਟਨਮ ਟੈਸਟ ਲਈ ਆਰਾਮ ਦਿੱਤਾ ਗਿਆ ਸੀ, ਇਸ ਉਮੀਦ ਨਾਲ ਕਿ ਉਹ ਰਾਜਕੋਟ ਵਿੱਚ ਤੀਜੇ ਮੈਚ ਲਈ ਵਾਪਸੀ ਕਰ ਸਕਦਾ ਹੈ। ਪਰ ਹਾਲਾਤ ਉਲਟ ਹੋ ਗਏ। ਚੌਥੇ ਟੈਸਟ ਤੋਂ ਪਹਿਲਾਂ ਬੀਸੀਸੀਆਈ ਨੇ ਰਾਹੁਲ ਬਾਰੇ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਸੀ ਕਿ ‘ਕੇਐਲ ਰਾਹੁਲ ਚੌਥੇ ਟੈਸਟ ਵਿੱਚ ਨਹੀਂ ਖੇਡਣਗੇ। ਰਾਹੁਲ ਦਾ ਧਰਮਸ਼ਾਲਾ 'ਚ ਹੋਣ ਵਾਲੇ ਟੈਸਟ ਮੈਚ 'ਚ ਖੇਡਣਾ ਉਨ੍ਹਾਂ ਦੀ ਫਿਟਨੈੱਸ 'ਤੇ ਨਿਰਭਰ ਕਰੇਗਾ।
ਜਸਪ੍ਰੀਤ ਬੁਮਰਾਹ ਦੀ ਵਾਪਸੀ:ਰਿਪੋਰਟ ਮੁਤਾਬਕ ਇਹ ਲਗਭਗ ਤੈਅ ਹੈ ਕਿ ਰਾਂਚੀ ਟੈਸਟ ਲਈ ਆਰਾਮ ਦਿੱਤਾ ਗਿਆ ਜਸਪ੍ਰੀਤ ਬੁਮਰਾਹ ਧਰਮਸ਼ਾਲਾ ਮੈਚ ਲਈ ਵਾਪਸੀ ਕਰਨਗੇ। ਹਾਲਾਂਕਿ, ਕੁਝ ਖਿਡਾਰੀਆਂ ਨੂੰ ਆਰਾਮ ਦੇਣ ਦੀ ਚਰਚਾ ਚੱਲ ਰਹੀ ਹੈ, ਜਿਸ ਵਿੱਚ ਇੱਕ ਬੱਲੇਬਾਜ਼ ਅਤੇ ਇੱਕ ਗੇਂਦਬਾਜ਼ ਦੋਵਾਂ ਨੂੰ ਬ੍ਰੇਕ ਦਿੱਤੇ ਜਾਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਚੌਥੇ ਟੈਸਟ ਤੋਂ ਬਾਅਦ ਰਾਂਚੀ ਤੋਂ ਰਵਾਨਾ ਹੋਏ ਭਾਰਤੀ ਖਿਡਾਰੀਆਂ ਨੇ 2 ਮਾਰਚ ਨੂੰ ਚੰਡੀਗੜ੍ਹ ਵਿੱਚ ਇਕੱਠੇ ਹੋਣਾ ਹੈ। ਇੰਗਲੈਂਡ ਦੀ ਕ੍ਰਿਕਟ ਟੀਮ ਵੀ ਚਾਰਟਰਡ ਫਲਾਈਟ ਰਾਹੀਂ 3 ਮਾਰਚ ਨੂੰ ਧਰਮਸ਼ਾਲਾ ਪਹੁੰਚੇਗੀ।