ਕੋਲਕਾਤਾ: ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਰਾਜਸਥਾਨ ਰਾਇਲਜ਼ ਨੇ ਆਖਰੀ ਓਵਰ ਤੱਕ ਇਹ ਮੈਚ 2 ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ ਰਾਜਸਥਾਨ ਨੂੰ 224 ਦੌੜਾਂ ਦਾ ਵੱਡਾ ਟੀਚਾ ਦਿੱਤਾ।
ਕੇਕੇਆਰ ਨੇ 16.5 ਓਵਰਾਂ 'ਚ 178 ਦੇ ਸਕੋਰ 'ਤੇ ਰਾਜਸਥਾਨ ਦੀਆਂ 7 ਵਿਕਟਾਂ ਲੈ ਕੇ ਮੈਚ 'ਤੇ ਕਬਜ਼ਾ ਕਰ ਲਿਆ ਸੀ। ਪਰ ਜੋਸ ਬਟਲਰ ਨੇ ਇੱਕ ਸਿਰਾ ਫੜ ਕੇ 60 ਗੇਂਦਾਂ ਵਿੱਚ ਅਜੇਤੂ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਕੇਕੇਆਰ ਦੀ ਪਕੜ ਤੋਂ ਜਿੱਤ ਖੋਹ ਲਈ। ਆਖਰੀ ਓਵਰ ਵਿੱਚ ਜਿੱਤ ਲਈ 9 ਦੌੜਾਂ ਦੀ ਲੋੜ ਸੀ। ਬਟਲਰ ਨੇ ਇਕੱਲੇ ਹੀ ਪਹਿਲੀ ਗੇਂਦ 'ਤੇ ਛੱਕਾ ਅਤੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਰਾਜਸਥਾਨ ਨੂੰ ਜਿੱਤ ਦਿਵਾਈ।
ਜੋਸ ਬਟਲਰ ਨੇ IPL ਦਾ ਆਪਣਾ 7ਵਾਂ ਸੈਂਕੜਾ ਲਗਾਇਆ, ਅਤੇ ਉਹ ਵਿਰਾਟ ਕੋਹਲੀ (8 ਸੈਂਕੜੇ) ਤੋਂ ਬਾਅਦ IPL ਦੇ ਦੂਜੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਖਿਡਾਰੀ ਬਣ ਗਿਆ। ਬਟਲਰ ਨੇ 60 ਗੇਂਦਾਂ 'ਤੇ 9 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 107 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਮੈਚ ਜੇਤੂ ਪਾਰੀ ਲਈ ਬਟਲਰ ਨੂੰ ਪਲੇਅਰ ਆਫ ਦਾ ਮੈਚ ਦਾ ਐਵਾਰਡ ਦਿੱਤਾ ਗਿਆ।