ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਮਹਿਲਾ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ 'ਤੇ ਗੁੱਸਾ ਜ਼ਾਹਰ ਕੀਤਾ ਹੈ। ਇਨ੍ਹਾਂ ਦੋਵਾਂ ਕ੍ਰਿਕਟਰਾਂ ਨੇ ਇਸ ਮਾਮਲੇ 'ਤੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਦੋਵੇਂ ਕ੍ਰਿਕਟਰ ਇਸ ਮਾਮਲੇ ਤੋਂ ਕਿੰਨੇ ਨਿਰਾਸ਼ ਹਨ।
ਅਈਅਰ ਨੇ ਮਹਿਲਾ ਸਿਖਿਆਰਥੀ ਡਾਕਟਰ ਲਈ ਕੀਤੀ ਇਨਸਾਫ ਦੀ ਮੰਗ: ਇਸ ਮਾਮਲੇ 'ਤੇ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਇੰਨੇ ਸਾਲਾਂ 'ਚ ਕੁਝ ਨਹੀਂ ਬਦਲਿਆ ਹੈ। ਵਾਪਰੀ ਇਸ ਵਹਿਸ਼ੀ ਘਟਨਾ ਤੋਂ ਅਸੀਂ ਪੂਰੀ ਤਰ੍ਹਾਂ ਸਦਮੇ ਵਿੱਚ ਹਾਂ। ਇਹ ਜ਼ਰੂਰੀ ਹੈ ਕਿ ਇਸ ਮਾਮਲੇ ਵਿੱਚ ਹਰ ਅਪਰਾਧੀ ਨੂੰ ਦੋਸ਼ੀ ਠਹਿਰਾਇਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਸੀਂ ਇਨਸਾਫ਼ ਚਾਹੁੰਦੇ ਹਾਂ।'
ਬੁਮਰਾਹ ਵੀ ਚਾਹੁੰਦੇ ਹਨ ਟ੍ਰੇਨੀ ਡਾਕਟਰ ਲਈ ਇਨਸਾਫ਼: ਇਸ ਪੂਰੇ ਮਾਮਲੇ 'ਤੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਔਰਤਾਂ ਨੂੰ ਆਪਣਾ ਰਸਤਾ ਬਦਲਣ ਲਈ ਨਾ ਕਹੋ, ਸਗੋਂ ਰਸਤੇ ਨੂੰ ਹੀ ਬਦਲੋ। ਹਰ ਔਰਤ ਇਸ ਤੋਂ ਬਿਹਤਰ ਦੀ ਹੱਕਦਾਰ ਹੈ'। ਤੁਹਾਨੂੰ ਦੱਸ ਦਈਏ ਕਿ ਇਹ ਪੋਸਟ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ ਨੂੰ ਜਸਪ੍ਰੀਤ ਬੁਮਰਾਹ ਨੇ ਆਪਣੀ ਸਟੋਰੀ 'ਤੇ ਪੋਸਟ ਕੀਤਾ ਹੈ।
ਮਹਿਲਾ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਤੋਂ ਬਾਅਦ ਕਤਲ: ਦੱਸ ਦਈਏ ਕਿ ਬੀਤੀ 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਨਾਲ ਇੱਕ ਭਿਆਨਕ ਘਟਨਾ ਵਾਪਰੀ ਸੀ, ਜਿੱਥੇ ਸੈਮੀਨਾਰ ਹਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਦਾ ਬਲਾਤਕਾਰ ਕੀਤਾ ਗਿਆ ਅਤੇ ਫਿਰ ਕਤਲ ਕਰ ਦਿੱਤਾ ਗਿਆ ਸੀ, ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਅੱਧ-ਨੰਗੀ ਹਾਲਤ 'ਚ ਮਹਿਲਾ ਟ੍ਰੇਨੀ ਡਾਕਟਰ ਮ੍ਰਿਤਕ ਪਾਈ ਗਈ ਸੀ। ਉਦੋਂ ਤੋਂ ਹੀ ਇਸ ਮਾਮਲੇ ਨੂੰ ਲੈ ਕੇ ਲੋਕਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਹਰ ਕੋਈ ਇਨਸਾਫ ਦੀ ਮੰਗ ਕਰ ਰਿਹਾ ਹੈ।