ਨਵੀਂ ਦਿੱਲੀ: ਪੈਰਿਸ ਓਲੰਪਿਕ 'ਚ ਭਾਰਤ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਹੈ। ਇੰਨਾ ਹੀ ਨਹੀਂ ਭਾਰਤ ਆਪਣੇ ਪਿਛਲੇ ਓਲੰਪਿਕ ਪ੍ਰਦਰਸ਼ਨ ਨੂੰ ਵੀ ਦੁਹਰਾ ਨਹੀਂ ਸਕਿਆ ਹੈ। ਭਾਰਤ ਨੇ ਪਿਛਲੀਆਂ ਓਲੰਪਿਕ ਖੇਡਾਂ ਵਿੱਚ ਜਿੱਥੇ 1 ਸੋਨ ਅਤੇ 2 ਚਾਂਦੀ ਦੇ ਨਾਲ ਕੁੱਲ 7 ਤਗਮੇ ਜਿੱਤੇ ਸਨ, ਉੱਥੇ ਹੀ ਇਸ ਵਾਰ ਉਨ੍ਹਾਂ ਨੂੰ ਕੁੱਲ 6 ਤਗਮਿਆਂ ਨਾਲ ਸਬਰ ਕਰਨਾ ਪਿਆ ਜਿਸ ਵਿੱਚ ਇੱਕ ਵੀ ਸੋਨ ਤਗਮਾ ਨਹੀਂ ਹੈ। ਇਸ ਵਾਰ ਓਲੰਪਿਕ ਤਮਗਾ ਸੂਚੀ 'ਚ ਭਾਰਤ ਪਾਕਿਸਤਾਨ ਤੋਂ ਵੀ ਹੇਠਾਂ ਰਿਹਾ ਹੈ।
ਇਸ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਪੈਰਿਸ ਓਲੰਪਿਕ 2024 'ਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ। ਪੰਤ ਨੇ ਪੈਰਿਸ ਵਿੱਚ ਮੁਕਾਬਲਾ ਕਰਨ ਵਾਲੀ ਭਾਰਤੀ ਟੀਮ ਦਾ ਇੱਕ ਵਿਸ਼ੇਸ਼ ਵੀਡੀਓ ਅਪਲੋਡ ਕੀਤਾ ਹੈ। ਵੀਡੀਓ 'ਚ ਸਾਰੇ ਮੈਡਲ ਜੇਤੂ ਖਿਡਾਰੀਆਂ ਦੇ ਨਾਲ-ਨਾਲ ਕਈ ਹੋਰ ਐਥਲੀਟ ਵੀ ਨਜ਼ਰ ਆਏ। ਇਸ ਵੀਡੀਓ 'ਚ ਦੇਸ਼ ਭਗਤੀ ਦਾ ਗੀਤ ਮਾਂ ਤੁਝੇ ਸਲਾਮ ਚਲਾਇਆ ਜਾ ਰਿਹਾ ਸੀ, ਜੋ ਸਰੋਤਿਆਂ 'ਚ ਇੱਕ ਜੋਸ਼ ਭਰ ਦਿੰਦਾ ਹੈ, ਇੰਨਾਂ ਹੀ ਨਹੀਂ ਇਹ ਅਗਲੇ ਓਲੰਪਿਕ 'ਚ ਕੁਝ ਕਰਨ ਦਾ ਜਜ਼ਬਾ ਵੀ ਜਗਾਉਂਦਾ ਹੈ।
ਇਸ ਦੇ ਨਾਲ ਹੀ ਭਾਰਤੀ ਕ੍ਰਿਕਟਰ ਨੇ ਸਾਰੇ ਖਿਡਾਰੀਆਂ ਦੀਆਂ ਮੁਸ਼ਕਿਲਾਂ ਅਤੇ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਅਤੇ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਪੰਤ ਨੇ ਲਿਖਿਆ, 'ਇੱਕ ਖਿਡਾਰੀ ਹੋਣ ਦੇ ਨਾਤੇ, ਮੈਂ ਜਾਣਦਾ ਹਾਂ ਕਿ ਉੱਚ ਪੱਧਰ 'ਤੇ ਸਾਡੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਾਰਿਆਂ ਨੇ ਕਿੰਨੀਆਂ ਮੁਸ਼ਕਿਲਾਂ ਅਤੇ ਕੁਰਬਾਨੀਆਂ ਕੀਤੀਆਂ ਹੋਣਗੀਆਂ। ਮੈਨੂੰ ਯਕੀਨ ਹੈ ਕਿ ਹਰ ਕਿਸੇ ਨੇ ਖੇਡਾਂ ਤੋਂ ਕੁਝ ਵਧੀਆ ਸਬਕ ਸਿੱਖੇ ਹੋਣਗੇ। ਉੱਚ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਵਧਾਈ। ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ, ਜੈ ਹਿੰਦ।'
ਤੁਹਾਨੂੰ ਦੱਸ ਦਈਏ ਕਿ ਇਸ ਸਾਲ ਭਾਰਤ ਨੇ ਓਲੰਪਿਕ ਵਿੱਚ ਵੀ ਕਈ ਰਿਕਾਰਡ ਬਣਾਏ ਹਨ। ਹਾਕੀ ਟੀਮ ਨੇ 52 ਸਾਲਾਂ ਬਾਅਦ ਲਗਾਤਾਰ ਦੋ ਵਾਰ ਤਗਮੇ ਜਿੱਤ ਕੇ ਇਤਿਹਾਸ ਦੁਹਰਾਇਆ ਹੈ। ਇਸ ਤੋਂ ਇਲਾਵਾ ਮਨੂ ਭਾਕਰ ਨੇ ਇੱਕੋ ਓਲੰਪਿਕ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਹੋਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਜਦਕਿ ਪਹਿਲਵਾਨ ਅਮਨ ਸਹਿਰਾਵਤ 21 ਸਾਲ 24 ਦਿਨ ਦੀ ਉਮਰ 'ਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।
ਇਸ ਤੋਂ ਇਲਾਵਾ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ 'ਚ ਕਾਂਸੀ ਦਾ ਤਗਮਾ ਜਿੱਤਿਆ। ਜੋ ਇਸ ਈਵੈਂਟ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ।