ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਕ੍ਰਿਕਟਰ ਦੀਪਤੀ ਸ਼ਰਮਾ ਨੂੰ ਖੇਡਾਂ 'ਚ ਦੇਸ਼ ਲਈ ਪਾਏ ਯੋਗਦਾਨ ਸਦਕਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਡਿਪਟੀ ਸੁਪਰਡੈਂਟ ਆਫ ਪੁਲਸ (ਡੀਐੱਸਪੀ) ਨਿਯੁਕਤ ਕੀਤਾ ਗਿਆ ਹੈ। ਦੀਪਤੀ ਸ਼ਰਮਾ ਡੀਐਸਪੀ ਬਣਨ ਵਾਲੀ ਦੂਜੀ ਭਾਰਤੀ ਕ੍ਰਿਕਟਰ ਬਣ ਗਈ ਹੈ। ਕੁਝ ਦਿਨ ਪਹਿਲਾਂ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਤੇਲੰਗਾਨਾ ਵਿੱਚ ਡੀਐਸਪੀ ਨਿਯੁਕਤ ਕੀਤਾ ਗਿਆ ਸੀ।
ਦੀਪਤੀ ਸ਼ਰਮਾ ਨੂੰ 27 ਜਨਵਰੀ ਨੂੰ ਡੀਐਸਪੀ ਬਣਾਇਆ ਗਿਆ
ਭਾਰਤ ਦੀ ਸਟਾਰ ਆਲਰਾਊਂਡਰ ਦੀਪਤੀ ਸ਼ਰਮਾ ਨੂੰ 27 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਇੱਕ ਕ੍ਰਿਕਟਰ ਵਜੋਂ ਦੇਸ਼ ਵਾਸਤੇ ਮਹੱਤਵਪੂਰਨ ਯੋਗਦਾਨ ਲਈ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਨਿਯੁਕਤ ਕੀਤਾ ਗਿਆ ਸੀ। ਆਈਸੀਸੀ ਮਹਿਲਾ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਟੀਮਾਂ 'ਚ ਚੁਣੀ ਗਈ ਦੀਪਤੀ ਨੇ ਬੁੱਧਵਾਰ 29 ਜਨਵਰੀ ਨੂੰ ਇੰਸਟਾਗ੍ਰਾਮ 'ਤੇ ਇਹ ਪੋਸਟ ਸਾਂਝੀ ਕੀਤੀ ਅਤੇ ਇਸ ਸਨਮਾਨ ਲਈ ਉੱਤਰ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ।
ਦੀਪਤੀ ਸ਼ਰਮਾ ਨੇ ਖਾਕੀ ਵਰਦੀ ਪਹਿਨ ਕੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ, 'ਇਸ ਉਪਲਬਧੀ ਨੂੰ ਹਾਸਲ ਕਰਨ ਲਈ ਮੈਂ ਬਹੁਤ ਧੰਨਵਾਦੀ ਹਾਂ! ਮੈਂ ਆਪਣੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਦਾ ਅਟੁੱਟ ਸਮਰਥਨ ਅਤੇ ਅਸ਼ੀਰਵਾਦ ਮੇਰੀ ਪ੍ਰੇਰਣਾ ਸ਼ਕਤੀ ਹੈ,'ਮੈਂ ਸੇਵਾ ਕਰਨ ਦੇ ਇਸ ਮੌਕੇ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਵੀ ਧੰਨਵਾਦੀ ਹਾਂ। ਉੱਤਰ ਪ੍ਰਦੇਸ਼ ਪੁਲਿਸ ਵਿੱਚ ਡੀਐਸਪੀ ਵਜੋਂ ਇਸ ਨਵੀਂ ਭੂਮਿਕਾ ਨੂੰ ਸੰਭਾਲਦਿਆਂ, ਮੈਂ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਦਾ ਵਾਅਦਾ ਕਰਦੀ ਹਾਂ। ਤੁਹਾਡੇ ਸਾਰੇ ਸਮਰਥਨ ਲਈ ਇੱਕ ਵਾਰ ਫਿਰ ਧੰਨਵਾਦ,'।
ਦੀਪਤੀ ਸ਼ਰਮਾ ਲਈ 2024 ਬਹੁਤ ਵਧੀਆ ਸਾਲ ਰਿਹਾ:
ਦੀਪਤੀ ਸ਼ਰਮਾ ਨੇ ਸਾਲ 2024 ਵਿੱਚ ਵਨਡੇ ਮੁਕਾਬਲਿਆਂ ਦੌਰਾਨ 24 ਵਿਕਟਾਂ ਲਈਆਂ ਹਨ ਜੋ ਕਿ ਮਹਿਲਾਗੇਂਦਬਾਜ਼ ਦੇ ਰੂਪ ਸਿਖਰਲਾ ਪ੍ਰਦਰਸ਼ਨ ਹੈ। 2025 ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਮਹੱਤਵਪੂਰਨ ਸਾਲ ਹੈ ਕਿਉਂਕਿ ਇਸ ਸਾਲ ਟੀਮ ਇੰਡੀਆ ਨੇ ਘਰ ਵਿੱਚ ਵਨਡੇ ਵਿਸ਼ਵ ਕੱਪ ਖੇਡਣਾ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਦੀਪਤੀ ਸ਼ਰਮਾ ਆਪਣੇ ਹਰਫਨਮੌਲਾ ਪ੍ਰਦਰਸ਼ਨ ਨਾਲ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿੱਤਣ 'ਚ ਅਹਿਮ ਭੂਮਿਕਾ ਨਿਭਾਏਗੀ।