ਅਹਿਮਦਾਬਾਦ:ਭਾਰਤ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਨਾਗਪੁਰ ਅਤੇ ਕਟਕ ਵਿੱਚ ਖੇਡੇ ਗਏ ਦੋਵੇਂ ਸ਼ੁਰੂਆਤੀ ਮੈਚਾਂ ਵਿੱਚ ਭਾਰਤ ਨੇ 4 ਵਿਕਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਟੀਮ ਇੰਡੀਆ ਪਹਿਲਾਂ ਹੀ ਇਹ ਲੜੀ 2-0 ਨਾਲ ਜਿੱਤ ਚੁੱਕੀ ਹੈ। ਅਜਿਹੀ ਸਥਿਤੀ ਵਿੱਚ, ਅੱਜ ਭਾਰਤ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਆਪਣਾ ਆਖਰੀ ਮੈਚ ਜਿੱਤਣਾ ਚਾਹੇਗਾ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਆਪਣੀ ਸਾਖ ਬਚਾਉਣ ਲਈ ਮੈਦਾਨ 'ਤੇ ਉਤਰੇਗੀ।
ਇਹ ਇੱਕ ਰੋਜ਼ਾ ਮੈਚ ਦੋਵਾਂ ਟੀਮਾਂ ਲਈ ਚੈਂਪੀਅਨਜ਼ ਟਰਾਫੀ 2025 ਲਈ ਆਪਣੀਆਂ ਤਿਆਰੀਆਂ ਦੀ ਪਰਖ ਕਰਨ ਲਈ ਬਹੁਤ ਮਹੱਤਵਪੂਰਨ ਹੈ। ਅਜਿਹੇ ਵਿੱਚ, ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਆਪਣਾ ਆਤਮਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਕਰਨਗੀਆਂ, ਕਿਉਂਕਿ ਇਸ ਮੈਚ ਤੋਂ ਬਾਅਦ ਦੋਵਾਂ ਟੀਮਾਂ ਨੂੰ 19 ਫਰਵਰੀ ਤੋਂ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣਾ ਹੈ।
ਮੁੜ ਪ੍ਰਾਪਤ ਕੀਤੀ ਗੁਆਚੀ ਹੋਈ ਫਾਰਮ
ਭਾਰਤੀ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਗੁਆਚੀ ਹੋਈ ਫਾਰਮ ਮੁੜ ਪ੍ਰਾਪਤ ਕਰ ਲਈ ਹੈ। ਦੂਜੇ ਵਨਡੇ ਵਿੱਚ, ਰੋਹਿਤ ਨੇ 90 ਗੇਂਦਾਂ ਵਿੱਚ 119 ਦੌੜਾਂ ਦਾ ਤੂਫਾਨੀ ਸੈਂਕੜਾ ਲਗਾਇਆ। ਹਾਲਾਂਕਿ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਜੇ ਵੀ ਸੰਘਰਸ਼ ਕਰ ਰਹੇ ਹਨ। ਜੋ ਦੂਜੇ ਮੈਚ ਵਿੱਚ 5 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ ਸੀ। ਉਮੀਦ ਹੈ ਕਿ ਉਹ ਆਉਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਇਸ ਆਖਰੀ ਮੈਚ ਵਿੱਚ ਆਪਣੀ ਫਾਰਮ ਵਿੱਚ ਵਾਪਸ ਆ ਜਾਣਗੇ।
ਘਰੇਲੂ ਹਾਲਾਤਾਂ ਵਿੱਚ ਖੇਡਦੇ ਹੋਏ, ਭਾਰਤ ਨੂੰ ਇਸ ਮੈਚ ਵਿੱਚ ਪਸੰਦੀਦਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਜੋਸ ਬਟਲਰ ਦੀ ਅਗਵਾਈ ਵਾਲੀ ਇੰਗਲੈਂਡ ਨੂੰ ਹਲਕੇ ਵਿੱਚ ਲੈਣਾ ਉਨ੍ਹਾਂ ਲਈ ਮਹਿੰਗਾ ਸਾਬਤ ਹੋ ਸਕਦਾ ਹੈ ਕਿਉਂਕਿ ਕਪਤਾਨ ਬਟਲਰ ਫਾਰਮ ਵਿੱਚ ਹੈ ਅਤੇ ਉਸਨੇ ਪਿਛਲੇ ਦੋਵੇਂ ਮੈਚਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਅੱਜ ਦੋਵਾਂ ਟੀਮਾਂ ਵਿਚਕਾਰ ਇੱਕ ਸਖ਼ਤ ਮੁਕਾਬਲੇ ਦੀ ਉਮੀਦ ਹੈ।