ਏਸ਼ੀਅਨ ਚੈਂਪੀਅਨ ਟਰਾਫੀ ਜੇਤੂ ਹਾਕੀ ਖਿਡਾਰੀ ਜੁਗਰਾਜ ਸਿੰਘ (Etv Bharat (ਪੱਤਰਕਾਰ, ਅਮ੍ਰਿਤਸਰ)) ਅੰਮ੍ਰਿਤਸਰ:ਅਟਾਰੀ ਪਿੰਡ ਵਿੱਚ ਪੂਰੇ ਵਿਆਹ ਵਰਗਾ ਮਾਹੌਲ ਨਜ਼ਰ ਆਇਆ। ਅਜਿਹਾ ਇਸ ਲਈ ਕਿਉਂਕਿ ਪਿੰਡ ਚੋਂ ਨਿਕਲਿਆ ਇਹ ਹਾਕੀ ਖਿਡਾਰੀ ਅੱਜ ਏਸ਼ੀਅਨ ਚੈਂਪੀਅਨ ਟਰਾਫੀ ਜਿੱਤ ਕੇ ਟੀਮ ਸਣੇ ਭਾਰਤ ਪਰਤੇ ਅਤੇ ਫਿਰ ਟੀਮ ਦਾ ਹਿੱਸਾ ਰਹੇ ਜੁਗਰਾਜ ਸਿੰਘ ਦਾ ਪਿੰਡ ਪੁੱਜਣ ਉੱਤੇ ਖੂਬ ਢੋਲ-ਢੱਮਕੇ ਨਾਲ ਸਵਾਗਤ ਕੀਤਾ ਗਿਆ। ਪਿੰਡ ਦੇ ਪਤਵੰਤੇ ਸੱਜਣਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਗਈ। ਹਾਕੀ ਕੋਚ ਨੇ ਕਿਹਾ ਕਿ ਅਖੀਰਲੇ 7 ਮਿੰਟਾਂ ਵਿੱਚ ਜੁਗਰਾਜ ਸਿੰਘ ਵੱਲੋਂ ਜਿਹੜਾ ਗੋਲ ਕੀਤਾ ਗਿਆ, ਉਸ ਨਾਲ ਸਾਡੀ ਟੀਮ ਦੀ ਜਿੱਤ ਹੋਈ ਹੈ।
ਪਿੰਡ ਵਾਲੇ ਪੂਰੀ ਇੱਜਤ, ਮਾਣ ਤੇ ਸਤਿਕਾਰ ਦਿੰਦੇ
ਇਸ ਮੌਕੇ ਜੁਗਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪਿੰਡ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਇਹ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਪਿੰਡ ਹੈ, ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਤੋਂ ਉੱਠ ਕੇ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਮੈਡਲ ਲੈ ਕੇ ਆਉਂਦੇ ਹਾਂ ਤੇ ਸਾਨੂੰ ਪਿੰਡ ਵਾਲੇ ਪੂਰੀ ਇੱਜਤ, ਮਾਣ ਤੇ ਸਨਮਾਨ ਦਿੰਦੇ ਹਨ।
ਪਿੰਡ ਦੀ ਗਰਾਊਂਡਾਂ ਦੀ ਹਾਲਤ 'ਚ ਸੁਧਾਰ ਕੀਤਾ ਜਾਵੇਗਾ
ਜੁਗਰਾਜ ਸਿੰਘ ਨੇ ਕਿਹਾ ਕਿ ਪਿੰਡ ਦੀ ਗਰਾਊਂਡਾਂ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਦੇ ਮੰਤਰੀ ਮੀਤ ਹੇਅਰ ਨਾਲ ਗੱਲਬਾਤ ਕਰਕੇ ਗਰਾਊਂਡਾਂ ਦੀ ਹਾਲਤ ਬਹੁਤ ਵਧੀਆ ਬਣਾਵਾਂਗੇ। ਪਿੰਡ ਵਿੱਚੋਂ ਕਾਫੀ ਬੱਚੇ ਜਿਹੜੇ ਹਾਕੀ ਖੇਡ ਰਹੇ ਹਨ, ਉਹ ਅਕੈਡਮੀਆਂ ਵਿੱਚ ਜਾ ਕੇ ਮੈਡਲ ਵੀ ਜਿੱਤ ਕੇ ਲਿਆ ਰਹੇ ਹਨ ਤੇ ਦੋ ਚਾਰ ਨੌਜਵਾਨ ਨੈਸ਼ਨਲ ਗੇਮ ਖੇਡ ਕੇ ਮੈਡਲ ਹਾਸਲ ਕਰਕੇ ਲਿਆਏ ਹਨ। ਉੱਥੇ ਹੀ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਖੇਡਾਂ ਖੇਡੋ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰੋ।
ਭੱਵਿਖ ਲਈ ਤਿਆਰ ਹੋ ਰਹੇ ਹਾਕੀ ਖਿਡਾਰੀ
ਇਸ ਮੌਕੇ ਪਿੰਡ ਅਟਾਰੀ ਦੇ ਹਾਕੀ ਦੇ ਕੋਚਾਂ ਗੁਰਪ੍ਰੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਜੁਗਰਾਜ ਤੇ ਸ਼ਮਸ਼ੇਰ ਸਾਡੇ ਪਿੰਡ ਦੀ ਸ਼ਾਨ ਹਨ ਤੇ ਇਨ੍ਹਾਂ ਦੀ ਬਦੌਲਤ ਹੀ ਅੱਜ ਕਈ ਨੌਜਵਾਨ ਗਰਾਊਂਡ ਵਿੱਚ ਹਾਕੀ ਖੇਡ ਕੇ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਹਾਕੀ ਕੋਚ ਅਮਰਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਪਿੰਡ ਦੇ ਨੌਜਵਾਨ ਨੈਸ਼ਨਲ ਹਾਕੀ ਖੇਡਣ ਵਿਦੇਸ਼ਾਂ ਵਿੱਚ ਜਾਣਗੇ। ਹੁਣ ਵੀ ਸਾਡੇ ਪਿੰਡ ਦੇ ਦੋ ਤਿੰਨ ਮੁੰਡੇ ਨੈਸ਼ਨਲ ਗੇਮ ਖੇਡ ਕੇ ਮੈਡਲ ਜਿੱਤ ਕੇ ਲਿਆਏ ਹਨ। ਉਨ੍ਹਾਂ ਕਿਹਾ ਕਿ ਇਕੱਲੇ ਅਟਾਰੀ ਦੇ ਗਰਾਊਂਡ ਦੇ ਵਿੱਚ ਹੀ 150 ਦੇ ਕਰੀਬ ਬੱਚਾ ਹਾਕੀ ਖੇਡ ਰਿਹਾ ਹੈ।
ਭਾਰਤ ਲਗਾਤਾਰ ਦੂਜੀ ਵਾਰ ਬਣਿਆ ਏਸ਼ੀਆਈ ਚੈਂਪੀਅਨ
ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਦਾ ਫਾਈਨਲ ਮੈਚ ਮੰਗਲਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਅਤੇ ਚੀਨ ਵਿਚਾਲੇ ਖੇਡਿਆ ਗਿਆ। ਇਸ ਰੋਮਾਂਚਿਕ ਮੈਚ 'ਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਇਸ ਟਰਾਫੀ 'ਤੇ ਕਬਜ਼ਾ ਕੀਤਾ। ਮੈਚ ਵਿੱਚ ਇਕਲੌਤਾ ਗੋਲ (51ਵੇਂ ਮਿੰਟ) ਭਾਰਤ ਦੇ ਜੁਗਰਾਜ ਸਿੰਘ ਨੇ ਕੀਤਾ। ਇਸ ਗੋਲ ਦੀ ਮਦਦ ਨਾਲ ਭਾਰਤ ਲਗਾਤਾਰ ਦੂਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦ ਮੋਦੀ ਨੇ ਪੂਰੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ। ਦੱਸ ਦਈਏ ਕਿ ਵੀਰਵਾਰ ਨੂੰ ਭਾਰਤੀ ਹੀਕ ਟੀਮ ਭਾਰਤ ਪਹੁੰਚੀ, ਜਿਨ੍ਹਾਂ ਦਾ ਦਿੱਲੀ ਏਅਰਪੋਰਟ ਉੱਤੇ ਭਰਵਾਂ ਸਵਾਗਤ ਕੀਤਾ ਗਿਆ।