ਨਵੀਂ ਦਿੱਲੀ:ਆਈਸੀਸੀ ਪੁਰਸ਼ ਟੀ20 ਟੀਮ ਆਫ ਦਿ ਈਅਰ 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ 'ਚ ਦੁਨੀਆ ਭਰ ਦੇ ਸ਼ਾਨਦਾਰ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਇਸ 11 ਮੈਂਬਰੀ ਟੀਮ ਵਿੱਚ ਭਾਰਤ ਦੇ ਕੁੱਲ 4 ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਉਥੇ ਹੀ ਇੱਕ ਭਾਰਤੀ ਕ੍ਰਿਕਟਰ ਨੂੰ ਟੀਮ ਦਾ ਕਪਤਾਨ ਵੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਵਰਗੇ ਸਟਾਰ ਭਾਰਤੀ ਖਿਡਾਰੀਆਂ ਨੂੰ ਵੀ ਟੀਮ 'ਚ ਐਂਟਰੀ ਨਹੀਂ ਮਿਲੀ ਹੈ।
ਰੋਹਿਤ ਸ਼ਰਮਾ ਬਣੇ ਟੀਮ ਦੇ ਕਪਤਾਨ, 3 ਹੋਰ ਭਾਰਤੀ ਵੀ ਮੌਜੂਦ
ਆਈਸੀਸੀ ਦੁਆਰਾ ਘੋਸ਼ਿਤ ਸਾਲ 2024 ਦੀ ਪੁਰਸ਼ ਟੀ-20 ਟੀਮ ਦੀ ਕਪਤਾਨੀ ਭਾਰਤੀ ਕਪਤਾਨ ਅਤੇ ਟੀ-20 ਵਿਸ਼ਵ ਕੱਪ 2024 ਦੇ ਜੇਤੂ ਕਪਤਾਨ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਹੈ। ਰੋਹਿਤ ਸ਼ਰਮਾ ਤੋਂ ਇਲਾਵਾ ਟੀਮ 'ਚ ਸ਼ਾਮਲ ਹੋਰ ਤਿੰਨ ਭਾਰਤੀਆਂ 'ਚ ਉਪ-ਕਪਤਾਨ ਹਾਰਦਿਕ ਪੰਡਯਾ ਵੀ ਸ਼ਾਮਲ ਹੈ, ਜੋ ਗੇਂਦ ਅਤੇ ਬੱਲੇ ਦੋਵਾਂ ਨਾਲ ਤਬਾਹੀ ਮਚਾਉਂਦੇ ਹਨ। ਉਨ੍ਹਾਂ ਦੇ ਨਾਲ ਹੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਨੂੰ ਸਥਾਨ ਮਿਲਿਆ ਹੈ।
ਇਸ ਤੋਂ ਇਲਾਵਾ ਆਸਟ੍ਰੇਲੀਆ, ਇੰਗਲੈਂਡ, ਪਾਕਿਸਤਾਨ, ਜ਼ਿੰਬਾਬਵੇ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਦੇ 1-1 ਖਿਡਾਰੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਟੀ-20 ਵਿਸ਼ਵ ਕੱਪ 2024 ਦੀ ਉਪ ਜੇਤੂ ਦੱਖਣੀ ਅਫਰੀਕਾ ਦਾ ਇੱਕ ਵੀ ਖਿਡਾਰੀ ਇਸ ਟੀਮ ਵਿੱਚ ਸ਼ਾਮਲ ਨਹੀਂ ਹੈ। ਜਦਕਿ ਨਿਊਜ਼ੀਲੈਂਡ ਦੇ ਖਿਡਾਰੀ ਵੀ ਟੀਮ ਤੋਂ ਬਾਹਰ ਹਨ। ਇਸ ਦੇ ਨਾਲ ਹੀ ਸਾਲ 2024 ਦੀ ਆਈਸੀਸੀ ਪੁਰਸ਼ ਟੀ-20 ਟੀਮ ਦੇ ਪਲੇਇੰਗ-11 ਵਿੱਚ ਕਿਸੇ ਹੋਰ ਦੇਸ਼ ਦਾ ਕੋਈ ਵੀ ਕ੍ਰਿਕਟਰ ਸ਼ਾਮਲ ਨਹੀਂ ਕੀਤਾ ਗਿਆ ਹੈ।