ਦਿੱਲੀ: ਗੁਜਰਾਤ ਟਾਈਟਨਸ 'ਤੇ ਦਿੱਲੀ ਕੈਪੀਟਲਸ ਦ ਰੋਮਾਂਚਕ ਜਿੱਤ ਦੇ ਹੀਰੋ ਰਹੇ ਕਪਤਾਨ ਰਿਸ਼ਭ ਪੰਤ, ਜਿਨ੍ਹਾਂ ਨੇ 43 ਗੇਂਦਾਂ 'ਤੇ 8 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 88 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਦੀ ਪਾਰੀ ਦੇ ਦਮ 'ਤੇ ਦਿੱਲੀ ਨੇ 224 ਦੌੜਾਂ ਦਾ ਪਹਾੜ ਜਿਹਾ ਸਕੋਰ ਬਣਾਇਆ। ਇਸ ਸ਼ਾਨਦਾਰ ਪਾਰੀ ਲਈ ਰਿਸ਼ਭ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
ਰੋਮਾਂਚਕ ਮੈਚ 'ਚ 4 ਦੌੜਾਂ ਨਾਲ:ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 224 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਗੁਜਰਾਤ ਟਾਈਟਨਸ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 220 ਦੌੜਾਂ ਬਣਾਈਆਂ ਅਤੇ 4 ਦੌੜਾਂ ਦੇ ਮਾਮੂਲੀ ਫਰਕ ਨਾਲ ਮੈਚ ਹਾਰ ਗਈ। ਗੁਜਰਾਤ ਟਾਈਟਨਜ਼ ਲਈ ਸਭ ਤੋਂ ਵੱਧ ਸਕੋਰਰ ਸਾਈ ਸੁਦਰਸ਼ਨ ਰਹੇ, ਜਿਨ੍ਹਾਂ ਨੇ 66 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜਾ ਖੇਡਿਆ। ਡੇਵਿਡ ਮਿਲਰ ਨੇ ਵੀ 55 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਆਖਰੀ ਓਵਰਾਂ 'ਚ ਆਲਰਾਊਂਡਰ ਰਾਸ਼ਿਦ ਖਾਨ ਨੇ ਵੀ 11 ਗੇਂਦਾਂ 'ਤੇ 21 ਦੌੜਾਂ ਬਣਾਈਆਂ ਪਰ ਇਹ ਨਾਕਾਫੀ ਸਾਬਤ ਹੋਈਆਂ ਅਤੇ ਦਿੱਲੀ ਨੇ ਰੋਮਾਂਚਕ ਮੈਚ 'ਚ 4 ਦੌੜਾਂ ਨਾਲ ਜਿੱਤ ਦਰਜ ਕੀਤੀ।
ਦਿੱਲੀ ਦੀ ਸ਼ਾਨਦਾਰ ਬੱਲੇਬਾਜ਼ੀ: ਦੱਸ ਦਈਏ ਇਸ ਤੋਂ ਪਹਿਲਾਂ ਦਿੱਲੀ ਨੇ ਗੁਜਰਾਤ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 225 ਦੌੜਾਂ ਬਣਾਈਆਂ। ਦਿੱਲੀ ਲਈ ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਅਕਸ਼ਰ ਪਟੇਲ ਨੇ 43 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਉਥੇ ਹੀ ਪੰਤ ਨੇ ਬੱਲੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 43 ਗੇਂਦਾਂ 'ਚ ਅਜੇਤੂ 88 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ 'ਚ 8 ਛੱਕੇ ਅਤੇ 5 ਚੌਕੇ ਲਗਾਏ। ਟ੍ਰਿਸਟਨ ਸਟੱਬਸ ਨੇ ਵੀ 7 ਗੇਂਦਾਂ 'ਤੇ ਨਾਬਾਦ 26 ਦੌੜਾਂ ਬਣਾਈਆਂ। ਗੁਜਰਾਤ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਮੋਹਿਤ ਸ਼ਰਮਾ ਸਭ ਤੋਂ ਮਹਿੰਗੇ ਸਾਬਤ ਹੋਏ, ਉਨ੍ਹਾਂ ਨੇ 4 ਓਵਰਾਂ 'ਚ 18.20 ਦੀ ਇਕਾਨਮੀ 'ਤੇ 73 ਦੌੜਾਂ ਦਿੱਤੀਆਂ। ਪੰਤ ਨੇ ਆਖਰੀ ਓਵਰ ਵਿੱਚ ਚਾਰ ਛੱਕੇ ਅਤੇ ਇੱਕ ਚੌਕਾ ਲਗਾਇਆ।