ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਕੇਕੇ ਮਿਸ਼ਰਾ ਦੀ ਥਾਂ ਸੇਵਾਮੁਕਤ ਆਈਪੀਐਸ ਅਧਿਕਾਰੀ ਸ਼ਰਦ ਕੁਮਾਰ ਨੂੰ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਕੇਕੇ ਮਿਸ਼ਰਾ ਨੂੰ ਪਿਛਲੇ ਸਾਲ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦਾ ਮੁਖੀ ਬਣਾਇਆ ਗਿਆ ਸੀ ਪਰ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ।
ਭਾਰਤੀ ਕ੍ਰਿਕਟ 'ਚ ਇਹ ਅਹਿਮ ਨਿਯੁਕਤੀ ਪਾਕਿਸਤਾਨ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਤੋਂ ਚਾਰ ਮਹੀਨੇ ਪਹਿਲਾਂ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਸੇਵਾਮੁਕਤ ਆਈਪੀਐਸ ਅਧਿਕਾਰੀ ਸ਼ਰਦ ਕੁਮਾਰ ਚਾਰ ਸਾਲ ਤੱਕ ਐਨਆਈਏ ਦੇ ਮੁਖੀ ਵਜੋਂ ਵੀ ਕੰਮ ਕਰ ਚੁੱਕੇ ਹਨ। NIA (ਰਾਸ਼ਟਰੀ ਜਾਂਚ ਏਜੰਸੀ) ਭਾਰਤ ਵਿੱਚ ਇੱਕ ਵਿਸ਼ੇਸ਼ ਅੱਤਵਾਦ ਵਿਰੋਧੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ।
ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਸ਼ਰਦ ਕੁਮਾਰ ਨੂੰ ਤਿੰਨ ਸਾਲਾਂ ਲਈ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਬੀਸੀਸੀਆਈ ਦੀ 29 ਸਤੰਬਰ ਨੂੰ ਹੋਈ ਸਾਲਾਨਾ ਆਮ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਅਹੁਦਾ ਸੰਭਾਲਣ ਤੋਂ ਬਾਅਦ ਸ਼ਰਦ ਕੁਮਾਰ ਕ੍ਰਿਕਟ 'ਚ ਭ੍ਰਿਸ਼ਟਾਚਾਰ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ 'ਚ ਅਹਿਮ ਭੂਮਿਕਾ ਨਿਭਾਉਣਗੇ, ਜਿਸ 'ਚ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਵਰਗੇ ਮਾਮਲੇ ਵੀ ਸ਼ਾਮਲ ਹਨ।