ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੈਸਟਇੰਡੀਜ਼ ਅਤੇ ਅਮਰੀਕਾ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ ਹਰਫਨਮੌਲਾ ਹਾਰਦਿਕ ਪੰਡਯਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਰੋਹਿਤ-ਯਸ਼ਸਵੀ ਕਰਨਗੇ ਓਪਨਿੰਗ: ਟੀ-20 ਵਿਸ਼ਵ ਕੱਪ ਲਈ ਐਲਾਨੀ ਗਈ ਟੀਮ ਇੰਡੀਆ ਦਾ ਬੱਲੇਬਾਜ਼ੀ ਹਮਲਾ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ। ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ ਅਤੇ ਰਿਸ਼ਭ ਪੰਤ ਨੂੰ ਮਾਹਿਰ ਬੱਲੇਬਾਜ਼ਾਂ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਟੀਮ ਵਿੱਚ 4 ਆਲਰਾਊਂਡਰ ਖਿਡਾਰੀ:ਬੀਸੀਸੀਆਈ ਦੁਆਰਾ ਐਲਾਨ ਕੀਤੀ ਗਈ ਟੀਮ 'ਚ ਚਾਰ ਹਰਫਨਮੌਲਾ ਖਿਡਾਰੀਆਂ- ਹਾਰਦਿਕ ਪੰਡਯਾ (ਜੋ ਟੀਮ ਦੇ ਉਪ-ਕਪਤਾਨ ਵੀ ਹੈ), ਸ਼ਿਵਮ ਦੂਬੇ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੂੰ ਸ਼ਾਮਲ ਕੀਤਾ ਗਿਆ ਹੈ। ਜੋ ਗੇਂਦ ਅਤੇ ਬੱਲੇ ਦੋਵਾਂ ਨਾਲ ਵਿਰੋਧੀ ਟੀਮ ਨੂੰ ਇਕੱਲੇ ਹਰਾਉਣ ਦੀ ਸਮਰੱਥਾ ਰੱਖਦੇ ਹਨ।
ਬੁਮਰਾਹ ਕਰਨਗੇ ਤੇਜ਼ ਗੇਂਦਬਾਜ਼ੀ ਦੀ ਕਮਾਨ: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਕਮਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਹੱਥ ਹੋਵੇਗੀ। ਜਿਸ ਨੂੰ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਜ ਦਾ ਜ਼ਬਰਦਸਤ ਸਮਰਥਨ ਮਿਲੇਗਾ। ਆਈਪੀਐਲ 2024 ਵਿੱਚ ਬੁਮਰਾਹ ਅਤੇ ਅਰਸ਼ਦੀਪ ਨੇ ਆਪਣੀ ਗੇਂਦਬਾਜ਼ੀ ਨਾਲ ਤਬਾਹੀ ਮਚਾ ਦਿੱਤੀ ਹੈ। ਹਾਲਾਂਕਿ, ਸਿਰਾਜ ਆਪਣਾ ਪ੍ਰਭਾਵ ਬਣਾਉਣ ਵਿੱਚ ਅਸਫਲ ਰਹੇ ਹਨ।