ਨਵੀਂ ਦਿੱਲੀ: ਟੋਕੀਓ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਦੋਸ਼ ਲਗਾਇਆ ਹੈ ਕਿ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਉਸ 'ਤੇ ਲਗਾਈ ਗਈ ਚਾਰ ਸਾਲ ਦੀ ਪਾਬੰਦੀ ਇਕ 'ਸਿਆਸੀ ਸਾਜ਼ਿਸ਼' ਹੈ।
ਉਨ੍ਹਾਂ ਨੇ ਰਾਸ਼ਟਰੀ ਡੋਪਿੰਗ ਸੰਸਥਾ 'ਤੇ ਸਰਕਾਰ ਦੇ ਪ੍ਰਭਾਵ ਹੇਠ ਕੰਮ ਕਰਨ ਦਾ ਦੋਸ਼ ਵੀ ਲਗਾਇਆ। ਭਾਰਤੀ ਪਹਿਲਵਾਨ ਨੂੰ ਮਾਰਚ 2024 ਵਿੱਚ ਰਾਸ਼ਟਰੀ ਟੀਮ ਲਈ ਹੋਏ ਟਰਾਇਲਾਂ ਦੌਰਾਨ ਡੋਪ ਟੈਸਟ ਲਈ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਦੇ ਚੱਲਦੇ ਮੁਅੱਤਲ ਕਰ ਦਿੱਤਾ ਗਿਆ ਹੈ। ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਵੀ ਉਨ੍ਹਾਂ ਨੂੰ 31 ਦਸੰਬਰ 2024 ਤੱਕ ਮੁਅੱਤਲ ਕਰ ਦਿੱਤਾ ਹੈ।
ਬੈਨ ਲਗਾਏ ਜਾਣ ਤੋਂ ਬਾਅਦ ਬਜਰੰਗ ਪੂਨੀਆ ਦੇ ਗੰਭੀਰ ਇਲਜ਼ਾਮ
ਬਜਰੰਗ ਪੂਨੀਆ ਨੇ ਐਕਸ 'ਤੇ ਲਿਖਿਆ, "ਇਹ ਚਾਰ ਸਾਲ ਦੀ ਪਾਬੰਦੀ ਮੇਰੇ ਵਿਰੁੱਧ ਨਿੱਜੀ ਰੰਜਿਸ਼ ਅਤੇ ਸਿਆਸੀ ਸਾਜ਼ਿਸ਼ ਦਾ ਨਤੀਜਾ ਹੈ। ਮੇਰੇ ਵਿਰੁੱਧ ਇਹ ਕਾਰਵਾਈ ਉਸ ਅੰਦੋਲਨ ਦਾ ਬਦਲਾ ਲੈਣ ਲਈ ਕੀਤੀ ਗਈ ਹੈ ਜੋ ਅਸੀਂ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿੱਚ ਸ਼ੁਰੂ ਕੀਤਾ ਸੀ। ਉਸ ਅੰਦੋਲਨ ਵਿੱਚ ਅਸੀਂ ਬੇਇਨਸਾਫ਼ੀ ਅਤੇ ਸ਼ੋਸ਼ਣ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੀ।"
ਬਜਰੰਗ ਨੇ ਇਹ ਵੀ ਲਿਖਿਆ, "ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਡੋਪਿੰਗ ਟੈਸਟ ਕਰਵਾਉਣ ਤੋਂ ਇਨਕਾਰ ਨਹੀਂ ਕੀਤਾ। ਜਦੋਂ ਨਾਡਾ ਦੀ ਟੀਮ ਮੇਰੇ ਕੋਲ ਟੈਸਟ ਲਈ ਆਈ ਤਾਂ ਉਨ੍ਹਾਂ ਕੋਲ ਜੋ ਡੋਪ ਕਿੱਟ ਸੀ, ਉਸ ਦੀ ਮਿਆਦ ਖਤਮ ਹੋ ਚੁੱਕੀ ਸੀ। ਇਹ ਇੱਕ ਗੰਭੀਰ ਲਾਪਰਵਾਹੀ ਸੀ, ਅਤੇ ਮੈਂ ਸਿਰਫ ਜ਼ੋਰ ਦਿੱਤਾ ਕਿ ਇਹ ਇੱਕ ਜਾਇਜ਼ ਅਤੇ ਸਹੀ ਕਿੱਟ ਨਾਲ ਟੈਸਟ ਕੀਤਾ ਜਾਵੇ। ਇਹ ਮੇਰੀ ਸਿਹਤ ਅਤੇ ਕਰੀਅਰ ਦੀ ਸੁਰੱਖਿਆ ਲਈ ਵੀ ਜ਼ਰੂਰੀ ਸੀ। ਪਰ, ਇਸ ਨੂੰ ਜਾਣਬੁੱਝ ਕੇ ਮੇਰੇ ਵਿਰੁੱਧ ਇੱਕ ਹਥਿਆਰ ਵਜੋਂ ਵਰਤਿਆ ਗਿਆ।"
ਪੂਨੀਆ ਨੇ ਅੱਗੇ ਕਿਹਾ,"ਭਾਜਪਾ ਸਰਕਾਰ ਅਤੇ ਫੈਡਰੇਸ਼ਨ ਨੇ ਮੈਨੂੰ ਫਸਾਉਣ ਅਤੇ ਮੇਰੇ ਕਰੀਅਰ ਨੂੰ ਖਤਮ ਕਰਨ ਲਈ ਇਹ ਚਾਲ ਖੇਡੀ ਹੈ। ਇਹ ਫੈਸਲਾ ਸਹੀ ਨਹੀਂ ਹੈ, ਸਗੋਂ ਮੈਨੂੰ ਅਤੇ ਮੇਰੇ ਵਰਗੇ ਹੋਰ ਖਿਡਾਰੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ। ਨਾਡਾ ਦੀ ਇਸ ਕਾਰਵਾਈ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ ਸਾਰੇ ਅਦਾਰੇ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ, ਇਸ ਪਾਬੰਦੀ ਦਾ ਅਸਲ ਮਕਸਦ ਮੈਨੂੰ ਚੁੱਪ ਕਰਾਉਣਾ ਅਤੇ ਗਲਤ ਦੇ ਖਿਲਾਫ ਆਵਾਜ਼ ਉਠਾਉਣ ਤੋਂ ਰੋਕਣਾ ਹੈ।"
ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਤੋਂ ਨਹੀਂ ਰੁਕਾਂਗਾ : ਬਜਰੰਗ ਪੂਨੀਆ
ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਭਾਵੇਂ ਮੈਨੂੰ ਉਮਰ ਭਰ ਲਈ ਮੁਅੱਤਲ ਕਰ ਦਿੱਤਾ ਜਾਵੇ, ਮੈਂ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਤੋਂ ਨਹੀਂ ਰੁਕਾਂਗਾ। ਇਹ ਲੜਾਈ ਸਿਰਫ਼ ਮੇਰੀ ਨਹੀਂ, ਸਗੋਂ ਹਰ ਉਸ ਖਿਡਾਰੀ ਦੀ ਹੈ, ਜਿਸ ਨੂੰ ਸਿਸਟਮ ਨੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਸ ਫੈਸਲੇ ਖਿਲਾਫ ਅਪੀਲ ਕਰਾਂਗਾ ਅਤੇ ਅੰਤ ਤੱਕ ਆਪਣੇ ਹੱਕਾਂ ਲਈ ਲੜਦਾ ਰਹਾਂਗਾ।
ਤੁਹਾਨੂੰ ਦੱਸ ਦਈਏ ਕਿ ਬਜਰੰਗ ਸਭ ਤੋਂ ਵੱਧ ਸਨਮਾਨਿਤ ਭਾਰਤੀ ਪਹਿਲਵਾਨਾਂ ਵਿੱਚੋਂ ਇੱਕ ਹੈ, ਜਿਸ ਨੇ ਵਿਸ਼ਵ ਚੈਂਪੀਅਨਸ਼ਿਪ, ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਕਈ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 2015 ਵਿੱਚ ਅਰਜੁਨ ਐਵਾਰਡ, ਖੇਡ ਰਤਨ ਅਤੇ 2019 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। 30 ਸਾਲਾ ਬਜਰੰਗ ਇਸ ਸਾਲ ਸਤੰਬਰ ਵਿੱਚ ਸਾਥੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ ਸਨ।