ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਹਤ ਸਹੀ ਨਾ ਹੋਣ ਕਰਕੇ ਇਸ ਸਮੇਂ ਫੋਰਟਿਸ ਹਸਪਤਾਲ ਵਿੱਚ ਜ਼ੇਰ ਏ ਇਲਾਜ ਹਨ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਹੈ ਕਿ ਫਿਲਹਾਲ ਸੀਐੱਮ ਮਾਨ ਨੂੰ ਛੁੱਟੀ ਨਹੀਂ ਕੀਤੀ ਜਾ ਸਕਦੀ ਅਤੇ ਉਨ੍ਹਾਂ ਦਾ ਇਲਾਜ ਅਜੇ ਹੋਰ ਦਿਨਾਂ ਲਈ ਚੱਲੇਗਾ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ.ਆਰ.ਕੇ. ਜਸਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁੱਝ ਟੈਸਟ ਕੀਤੇ ਹਨ, ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ।
ਸੀਐੱਮ ਮਾਨ ਦੀ ਹਾਲਤ ਸਥਿਰ
ਮੁੱਖ ਮੰਤਰੀ ਮਾਨ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ‘ਤੇ ਦਬਾਅ ਪੈ ਗਿਆ, ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਸ਼ਚਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਪੂਰੀ ਤਰ੍ਹਾਂ ਸਥਿਰ ਹਨ। ਦਿਲ ਦੇ ਟੈਸਟਾਂ ਅਤੇ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰਨਗੇ । ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਸੁਧਾਰ ਹੋਵੇਗਾ।
ਵਿਰੋਧੀਆਂ ਨੇ ਸਿਹਤ ਸਬੰਧੀ ਚੁੱਕੇ ਨੇ ਗੰਭੀਰ ਸਵਾਲ
ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ 'ਆਪ' ਤੋਂ ਮੁੱਖ ਮੰਤਰੀ ਮਾਨ ਦੀ ਸਿਹਤ ਬਾਰੇ ਹੋਰ ਸਪੱਸ਼ਟਤਾ ਮੰਗੀ ਅਤੇ ਭਗਵੰਤ ਮਾਨ ਦੀ ਸਿਹਤ ਬਾਰੇ ਗੰਭੀਰ ਦਾਅਵੇ ਕੀਤੇ। ਮਜੀਠੀਆ ਨੇ ਕਿਹਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਕੁਝ ਠੀਕ ਹੈ ਜਾਂ ਨਹੀਂ? ਇਸ ਮਾਮਲੇ ਵਿੱਚ ਪਾਰਦਰਸ਼ਤਾ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਸਿਹਤ ਬਾਰੇ ਜਾਣਨ ਦਾ ਅਧਿਕਾਰ ਹੈ।
ਮਜੀਠੀਆ ਨੇ ਆਪਣੇ ਐਕਸ ਉੱਤੇ ਅਪਲੋਡ ਕੀਤੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਸੀ ਕਿ,"ਤੱਥਾਂ ਨੂੰ ਛੁਪਾਇਆ ਜਾ ਰਿਹਾ ਹੈ। ਮੇਰੇ ਕੋਲ ਜਾਣਕਾਰੀ ਹੈ ਕਿ ਉਹ 2-3 ਵਾਰ ਬੇਹੋਸ਼ ਹੋਏ ਅਤੇ ਸਾਹ ਲੈਣ ਵਿੱਚ ਵੀ ਤਕਲੀਫ ਹੋਈ।, "ਮੈਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਮੁੱਖ ਮੰਤਰੀ ਲੀਵਰ ਸਿਰੋਸਿਸ ਤੋਂ ਪੀੜਤ ਹਨ। ਉਨ੍ਹਾਂ ਨੂੰ ਆਪਣੀ ਹਾਲਤ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਲਿਵਰ ਟਰਾਂਸਪਲਾਂਟ ਹੀ ਇੱਕੋ ਇੱਕ ਵਿਕਲਪ ਹੋਵੇਗਾ। ਲਿਵਰ ਟਰਾਂਸਪਲਾਂਟ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਹ ਆਮ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ।"