ਸ੍ਰੀ ਮੁਕਤਸਰ ਸਾਹਿਬ: 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਮਾਘੀ ਜੋੜ ਮੇਲਾ ਕਾਨਫਰੰਸ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਮਾਘੀ ਮੇਲੇ ਉੱਤੇ ਨਵੀਂ ਪਾਰਟੀ ਬਣਾਉਣ ਜਾ ਰਹੇ ਜੇਲ੍ਹ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਉੱਤੇ ਬਗੈਰ ਨਾਮ ਲਏ ਅਸਿੱਧੇ ਤੌਰ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।
'ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼' (ETV BHARAT (ਪੱਤਰਕਾਰ,ਸ੍ਰੀ ਮੁਕਤਸਰ ਸਾਹਿਬ)) 'ਨਵੀਂ ਪੰਥਕ ਪਾਰਟੀ ਲਈ ਸਿਆਸਤ'
ਸੁਖਬੀਰ ਬਾਦਲ ਨੇ ਆਖਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਸਮੇਤ ਅਣਗਿਣਤ ਅਕਾਲੀਆਂ ਨੇ ਕੁਰਬਾਨੀਆਂ ਦੇਕੇ ਸ਼੍ਰੋਮਣੀ ਅਕਾਲੀ ਦਲ ਵਰਗੀ ਮਜ਼ਬੂਤ ਪੰਥਕ ਪਾਰਟੀ ਖੜ੍ਹੀ ਕੀਤੀ ਹੈ ਅਤੇ ਅੱਜ ਕੁੱਝ ਦਿਨ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਆਏ ਲੋਕ ਨਵੀਂ ਪੰਥਕ ਪਾਰਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਤਾਕਤਾਂ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਹਨ।
'ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ'
ਸੁਖਬੀਰ ਬਾਦਲ ਨੇ ਕਿਹਾ ਕਿ ਵਿਰੋਧੀ ਸਿਆਸਤ ਦੀ ਦੁਕਾਨ ਚਲਾਉਂਦੇ ਹਨ, ਜਦ ਕਿ ਬਾਦਲ ਪਰਿਵਾਰ ਨੇ ਸਿਆਸਤ ਨੂੰ ਸੇਵਾ ਸਮਝਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵੇਲੇ ਇਹ ਆਗੂ ਕਹਿੰਦੇ ਸਨ ਕਿ ਅਸੀਂ ਸਿਆਸਤ ਨਹੀਂ ਕਰਨੀ ਅਤੇ ਹੁਣ ਨਵੀਂ ਪਾਰਟੀ ਬਣਾਉਣ ਲੱਗੇ ਹਨ। ਜੇਕਰ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਨਹੀਂ ਲੜੀਆਂ ਤਾਂ ਇਹਨਾਂ ਨੇ ਵੀ ਨਹੀਂ ਲੜੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ।
ਵਿਰੋਧੀਆਂ ਉੱਤੇ ਵਾਰ
ਸੁਖਬੀਰ ਬਾਦਲ ਨੇ ਕਿਹਾ ਕਿ ਸਰਬਜੀਤ ਸਿੰਘ ਖਾਲਸਾ ਜਿੱਤ ਮਗਰੋਂ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਵੀ ਨਹੀਂ ਪਹੁੰਚੇ। ਹਲਕੇ ਵਿੱਚ ਵੋਟਰਾਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਨੂੰ ਸੁਪਰੀਮ ਮੰਨਦਾ ਹੈ ਅਤੇ ਸਿਰ ਝੁਕਾਉਂਦਾ ਹੈ। ਨਵੀਂ ਪਾਰਟੀ ਬਣਾਉਣ ਵਾਲਿਆਂ ਨੂੰ ਪੁੱਛੋ ਕਿ ਕੀ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਹਨ ਜਾਂ ਨਹੀਂ, ਇਨ੍ਹਾਂ ਨੇ ਵੱਖ-ਵੱਖ ਜਥੇਦਾਰ ਤੱਕ ਬਣਾਏ ਹੋਏ ਹਨ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਉੱਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਇਹ ਵੀ ਜਥੇਦਾਰ ਨੂੰ ਕਿਸ ਤਰ੍ਹਾਂ ਬੋਲੇ ਸਨ ਤੁਹਾਨੂੰ ਸਭ ਨੂੰ ਪਤਾ ਹੈ।
'ਅਕਾਲੀ ਦਲ ਪੰਜਾਬੀਆਂ ਦੀ ਪਾਰਟੀ'
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਇਕੱਲਾ ਸੁਖਬੀਰ ਨਹੀਂ ਬਚਾ ਸਕਦਾ, ਸਾਰੇ ਲੋਕਾਂ ਦੇ ਸਾਥ ਨਾਲ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਝੂਠ ਮਾਰਨ ਵਾਲੇ ਆਗੂਆਂ ਦੀਆਂ ਤੁਸੀਂ ਗੱਲਾਂ ਵਿੱਚ ਆ ਕੇ ਪਹਿਲਾਂ ਵੀ ਸਰਕਾਰ ਬਣਾ ਦਿੱਤੀ, ਜੇਕਰ ਫਿਰ ਵੀ ਗਲਤੀ ਕਰ ਲਈ ਤਾਂ ਪੰਜਾਬ ਨੂੰ ਕੋਈ ਬਚਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਹੁਣ ਤਾਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਇਸ ਲਈ ਆਪਣੇ ਘਰ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਸੁਖਬੀਰ ਬਾਦਲ ਮੁਤਾਬਿਕ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਫੋਨਾਂ ਉੱਤੇ ਧਮਕੀਆਂ ਦੇ ਕੇ ਪੈਸੇ ਵਸੂਲੇ ਜਾ ਰਹੇ ਹਨ। ਇਸ ਕਰਕੇ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲ ਚੁੱਕਿਆ ਹੈ।