ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਰਕਿਨਾਰ ਕਰਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਉੱਤੇ ਸ਼ਰੇਆਮ ਕਬਜ਼ਾ ਕਰ ਲਿਆ ਗਿਆ ਹੈ। ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਹੁਣ ਪੰਜਾਬ ਨੂੰ ਦਿੱਲੀ ਚਲਾ ਰਹੀ ਹੈ ਅਤੇ ਇਸ ਸਮੇਂ ਸੂਬਾ ਲਵਾਰਿਸ ਹੈ।
ਹਰਸਿਮਰਤ ਕੌਰ ਬਾਦਲ,ਸੰਸਦ ਮੈਂਬਰ (ETV BHARAT PUNJAB (ਰਿਪੋਟਰ,ਮੁਕਤਸਰ)) ਸੀਐੱਮ ਮਾਨ ਦੀ ਪੂਰੀ ਟੀਮ ਨੂੰ ਕੱਢ ਦਿੱਤਾ ਗਿਆ
ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਬਣੇ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਨੇ ਕੇਜਰੀਵਾਲ ਦੀ ਜੀ ਹਜ਼ੁਰੀ ਸ਼ੁਰੂ ਕਰ ਦਿੱਤੀ ਸੀ ਅਤੇ ਦਿੱਲੀ ਸਰਕਾਰ ਨਾਲ ’ਨਾਲੇਜ ਸ਼ੇਅਰਿੰਗ ਐਗਰੀਮੈਂਟ’ ’ਤੇ ਹਸਤਾਖ਼ਰ ਕੀਤੇ ਸਨ। ਜਿਸ ਰਾਹੀਂ ਦਿੱਲੀ ਨੇ ਪੰਜਾਬ ਦੇ ਪ੍ਰਸ਼ਾਸਨ ਵਿਚ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਆਪ ਹਾਈ ਕਮਾਂਡ ਦੀਆਂ ਕਠਪੁਤਲੀਆਂ ਸਾਰੇ ਵਿਭਾਗਾਂ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਅਤੇ ਫੈਸਲਿਆਂ ਸਬੰਧੀ ਸਾਰੀਆਂ ਫਾਈਲਾਂ ਦਿੱਲੀ ਜਾਣ ਲੱਗ ਪਈਆਂ। ਇਸ ਤੋਂ ਵੀ ਜਦੋਂ ਸੰਤੁਸ਼ਟੀ ਨਹੀਂ ਹੋਈ ਤਾਂ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ ਵਿੱਚ ਮੁੱਖ ਮੰਤਰੀ ਦਫਤਰ ’ਤੇ ਸਿੱਧਾ ਕਬਜ਼ਾ ਕਰ ਲਿਆ ਹੈ ਅਤੇ ਸੀਐੱਮ ਮਾਨ ਦੀ ਪੂਰੀ ਟੀਮ ਨੂੰ ਕੱਢ ਦਿੱਤਾ ਗਿਆ ਹੈ।
ਪੰਜਾਬ ਦੇ ਸਰੋਤਾਂ ਦੀ ਦੁਰਵਰਤੋ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੰਤਰੀਆਂ ਦੀ ਸੁਰੱਖਿਆ, ਚੋਣ ਮੁਹਿੰਮਾਂ ਅਤੇ ਹਾਈਕਮਾਂਡ ਲਈ ਜਹਾਜ਼ ਕਿਰਾਏ ’ਤੇ ਲੈਣ ਕਰਕੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਜਾਨ ਨਿਕਲੀ ਪਈ ਹੈ। ਪਿਛਲੇ ਢਾਈ ਸਾਲਾਂ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ। ਆਟਾ ਦਾਲ ਅਤੇ ਸ਼ਗਨ ਸਕੀਮਾਂ ਵਰਗੇ ਸਮਾਜ ਭਲਾਈ ਲਾਭ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਹੁਣ ਤਾਂ ਹਾਲਾਤ ਹੋਰ ਬੁਰੇ ਹਨ ਕਿਉਂਕਿ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਪੰਜਾਬ ਦੇ ਸਰੋਤ ਵਰਤ ਰਹੇ ਹਨ।
ਪੰਚਾਇਤੀ ਚੋਣਾਂ 'ਚ ਧੱਕਾ
'ਆਪ' ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਚਲ ਰਹੀਆਂ ਪੰਚਾਇਤ ਚੋਣਾਂ ਵਿਚ ਲੋਕਤੰਤਰ ਦਾ ਕਤਲ ਕੀਤੇ ਜਾਣ ਦੀ ਗੱਲ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਗੱਲ ’ਤੇ ਦ੍ਰਿੜ੍ਹ ਹੈ ਕਿ ਜਿਹਨਾਂ ਨੂੰ ਆਪ ਸਰਕਾਰ ਦੇ ਰਾਜ ਵਿੱਚ ਤਸੀਹੇ ਅਤੇ ਤਸ਼ੱਦਦ ਝਲਣਾ ਪਿਆ, ਉਹਨਾਂ ਨੂੰ ਇਨਸਾਫ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨਾਂ ਦਾਇਰ ਕੀਤੀਆਂ ਹਨ ਅਤੇ ਅਦਾਲਤ ਨੇ ਸਰਕਾਰ ਦੀ ਖਿਚਾਈ ਵੀ ਕੀਤੀ ਹੈ।