ਪੰਜਾਬ

punjab

ETV Bharat / politics

ਲੁਧਿਆਣਾ ਮੇਅਰ ਚੋਣ: ਦਲ ਬਦਲੀਆਂ ਜਾਰੀ, 2 ਕਾਂਗਰਸੀ ਤੇ 1 ਭਾਜਪਾ ਆਗੂ ਨੇ ਫੜ੍ਹਿਆ ਆਪ ਦਾ ਪੱਲਾ - LUDHIANA MAYOR

ਲੁਧਿਆਣਾ ਮੇਅਰ ਚੋਣ ਦੀ ਦੌੜ ਵਿੱਚ ਦਲ ਬਦਲੀਆਂ ਜਾਰੀ। ਹੋਰ ਕਈ ਆਗੂ ਆਪ 'ਚ ਸ਼ਾਮਲ। ਆਪ ਕੋਲ ਹੁਣ ਬਹੁਮਤ।

Ludhiana AAP Mayor
ਲੁਧਿਆਣਾ ਮੇਅਰ ਚੋਣ (ETV Bharat)

By ETV Bharat Punjabi Team

Published : 10 hours ago

Updated : 8 hours ago

ਲੁਧਿਆਣਾ:ਹਲਕਾ ਆਤਮ ਨਗਰ 'ਚ ਕਾਂਗਰਸ ਨੂੰ ਵੱਡਾ ਝਟਕਾ ਮਿਲਿਆ। ਬੈਂਸ ਧੜੇ ਦੇ ਦੋ ਕੌਂਸਲਰਾਂ ਨੇ ਕਾਂਗਰਸ ਛੱਡੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕੈਬਨਿਟ ਮੰਤਰੀ ਹਰਦੀਪ ਮੁੰਡਿਆਂ ਦੀ ਅਗਵਾਈ ਵਿੱਚ ਪਰਮਿੰਦਰ ਸੋਮਾ ਅਤੇ ਜਗਮੀਤ ਸਿੰਘ ਨੋਨੀ ਆਪ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ, ਭਾਜਪਾ ਦੀ ਇੱਕ ਕੌਂਸਲਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਇਸ ਦੇ ਨਾਲ ਹੀ, ਹੁਣ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਲਗਭਗ ਯਕੀਨੀ ਹੋ ਗਿਆ ਹੈ, ਕਿਉਂਕਿ ਹੁਣ ਆਪ ਕੋਲ 46 ਕੌਂਸਲਰ ਹੋ ਗਏ ਹਨ।

ਲੁਧਿਆਣਾ ਮੇਅਰ ਚੋਣ (ETV Bharat)

ਬੈਂਸ ਭਰਾਵਾਂ ਸਣੇ ਭਾਜਪਾ ਨੂੰ ਝਟਕਾ

ਇਸ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੂੰ ਉਸ ਵੇਲੇ ਦੇਰ ਰਾਤ ਤੋਂ ਝਟਕਾ ਲੱਗਾ ਜਦੋਂ ਕਾਂਗਰਸ ਦੇ ਵਾਰਡ ਨੰਬਰ 45 ਤੋਂ ਕੌਂਸਲਰ ਪਰਮਜੀਤ ਕੌਰ, ਵਾਰਡ ਨੰਬਰ 42 ਤੋਂ ਜਗਮੀਤ ਨੋਨੀ ਆਪ 'ਚ ਸ਼ਾਮਿਲ ਹੋ ਗਏ। ਇਨ੍ਹਾਂ ਦੋਹਾਂ ਨੂੰ ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਸਬੰਧੀ ਬਕਾਇਦਾ ਫੋਟੋ ਵੀ ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ। ਇਹ ਦੋਵੇਂ ਹੀ ਕੌਂਸਲਰ ਬੈਂਸ ਧੜੇ ਦੇ ਹਨ। ਸਿਮਰਜੀਤ ਬੈਂਸ ਵੱਲੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਉਮੀਦਵਾਰ ਖੜੇ ਕੀਤੇ ਸਨ, ਜਿਨ੍ਹਾਂ ਵਿੱਚੋਂ ਇਹ ਜੇਤੂ ਕੌਂਸਲਰ ਸਨ, ਜੋ ਕਿ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਧਰ ਭਾਜਪਾ ਦੀ ਵਾਰਡ ਨੰਬਰ 21 ਤੋਂ ਅਨੀਤਾ ਨਨਚਿਹਲ ਵੀ ਆਪ ਵਿੱਚ ਸ਼ਾਮਿਲ ਹੋ ਗਏ, ਜਿਸ ਨਾਲ ਸਿਆਸਤ ਗਰਮਾ ਗਈ ਹੈ।

ਲੁਧਿਆਣਾ ਮੇਅਰ ਚੋਣ (ETV Bharat)

ਲੋਹੜੀ ਤੋਂ ਬਾਅਦ ਮਿਲ 'ਸਕਦੀ' ਮੇਅਰ !

ਲੁਧਿਆਣਾ ਦਾ ਮੇਅਰ ਬਣਾਉਣ ਦੇ ਲਈ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਹੈ ਕੁਝ ਦਿਨ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਆਪਣਾ ਬਹੁਮਤ ਪੇਸ਼ ਕਰਨਾ ਪਵੇਗਾ। ਜਿਸ ਤੋਂ ਬਾਅਦ ਮੇਅਰ ਦੀ ਚੋਣ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਮਹਿਲਾ ਨੂੰ ਲੁਧਿਆਣਾ ਦੀ ਮੇਅਰ ਬਣਾਇਆ ਜਾਵੇਗਾ। ਲੋਹੜੀ ਤੋਂ ਬਾਅਦ ਲੁਧਿਆਣਾ ਨੂੰ ਨਵਾਂ ਮੇਅਰ ਮਿਲਣ ਦੀ ਸੰਭਾਵਨਾ ਹੈ।

ਲੁਧਿਆਣਾ 'ਚ ਨਹੀਂ ਹੈ ਕਿਸੇ ਪਾਰਟੀ ਕੋਲ ਬਹੁਮਤ

ਦੱਸ ਦੇਈਏ ਕਿ ਲੁਧਿਆਣਾ ਵਿੱਚ 21 ਦਸੰਬਰ 2024 ਨੂੰ ਨਗਰ ਨਿਗਮ ਚੋਣਾਂ ਹੋਈਆਂ ਸਨ। ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ਹਿਰ ਨੂੰ ਮੇਅਰ ਨਹੀਂ ਮਿਲਿਆ ਹੈ। ਇਸ ਚੋਣ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਆਮ ਆਦਮੀ ਪਾਰਟੀ ਨੂੰ 41 ਸੀਟਾਂ ਮਿਲੀਆਂ ਹਨ ਅਤੇ ਬਹੁਮਤ ਲਈ 48 ਸੀਟਾਂ ਦੀ ਲੋੜ ਹੈ। ਇਸ ਦੇ ਚੱਲਦੇ ਆਮ ਆਦਮੀ ਪਾਰਟੀ ਜੋੜ-ਤੋੜ ਦੀ ਰਾਜਨੀਤੀ ਰਾਹੀ ਲੁਧਿਆਣਾ ਮੇਅਰ ਦੀ ਕੁਰਸੀ 'ਤੇ ਕਾਬਜ਼ ਹੋਣਾ ਚਾਹੁੰਦੀ ਹੈ।

ਕਈ ਕੌਂਸਲਰ 'ਆਪ' 'ਚ ਸ਼ਾਮਲ ਹੋ ਕਰ ਚੁੱਕੇ ਘਰ ਵਾਪਸੀ

ਉਥੇ ਹੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਕੌਂਸਲਰ ਚਤਰਵੀਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀ ਪਰ ਅਗਲੇ ਹੀ ਦਿਨ ਚਤਰਵੀਰ ਸਿੰਘ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਕਾਂਗਰਸੀ ਕੌਂਸਲਰ ਜਗਦੀਸ਼ ਲਾਲ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਜਿਨ੍ਹਾਂ ਨੇ ਮੁੜ ਕੁਝ ਘੰਟਿਆਂ 'ਚ ਕਾਂਗਰਸ 'ਚ ਹੀ ਘਰ ਵਾਪਸੀ ਵੀ ਕਰ ਲਈ ਸੀ।

ਇਸ ਤੋਂ ਪਹਿਲਾਂ ਇਹ ਰਹਿ ਚੁੱਕੇ ਸ਼ਹਿਰ ਦੇ ਮੇਅਰ

ਹਾਲੇ ਤੱਕ ਲੁਧਿਆਣਾ ਵਿੱਚ 6 ਵਾਰ ਮੇਅਰ ਬਣੇ ਹਨ ਅਤੇ 6 ਵਾਰ ਹੀ ਮਰਦ ਮੇਅਰ ਬਣਾਏ ਗਏ ਹਨ। ਸਾਲ 2021 ਵਿੱਚ 50 ਫੀਸਦੀ ਮਹਿਲਾਵਾਂ ਦੇ ਲਈ ਰਾਖਵਾਂਕਰਨ ਦਾ ਨਿਯਮ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ। ਇਸ 'ਤੇ ਹੁਣ ਆਮ ਆਦਮੀ ਪਾਰਟੀ ਨੇ ਮੋਹਰ ਲਗਾ ਦਿੱਤੀ ਹੈ। ਲੁਧਿਆਣਾ ਨੂੰ 1991 ਵਿੱਚ ਨਿਗਮ ਦਾ ਦਰਜਾ ਮਿਲਿਆ ਸੀ।

  1. ਲੁਧਿਆਣਾ ਵਿੱਚ ਪਹਿਲੀ ਵਾਰ 12 ਜੂਨ 1991 ਦੇ ਵਿੱਚ ਚੌਧਰੀ ਸੱਤ ਪ੍ਰਕਾਸ਼ ਮੇਅਰ ਬਣੇ ਸਨ।
  2. ਸਾਲ 1997 ਵਿੱਚ ਅਪਿੰਦਰ ਗਰੇਵਾਲ ਮੇਅਰ ਬਣੇ।
  3. ਸਾਲ 2002 ਵਿੱਚ ਨਾਹਰ ਸਿੰਘ ਗਿੱਲ ਤੇ 2007 ਵਿੱਚ ਹਾਕਮ ਸਿੰਘ ਗਿਆਸਪੁਰਾ ਮੇਅਰ ਬਣੇ।
  4. ਸਾਲ 2012 ਵਿੱਚ ਹਰਚਰਨ ਸਿੰਘ ਗੋਲਵੜੀਆ ਮੇਅਰ ਬਣੇ।
  5. ਆਖਰੀ ਵਾਰ ਸਾਲ 2018 ਵਿੱਚ ਬਲਕਾਰ ਸਿੰਘ ਸੰਧੂ ਮੇਅਰ ਬਣੇ ਸਨ।

ਪਿਛਲੇ 34 ਸਾਲ ਤੋਂ ਲੁਧਿਆਣਾ ਵਿੱਚ ਕੋਈ ਵੀ ਮਹਿਲਾ ਮੇਅਰ ਨਹੀਂ ਬਣੀ ਹੈ। ਹਾਲਾਂਕਿ, ਡਿਪਟੀ ਮੇਅਰ ਦਾ ਅਹੁਦਾ ਜ਼ਰੂਰ ਮਹਿਲਾਵਾਂ ਨੂੰ ਮਿਲ ਚੁੱਕਿਆ ਹੈ।

Last Updated : 8 hours ago

ABOUT THE AUTHOR

...view details