ਚੰਡੀਗੜ੍ਹ: ਭਾਜਪਾ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਲੈ ਕੇ ਕੁਝ ਦਿਨ ਪਹਿਲਾਂ ਉਨ੍ਹਾਂ ਵਲੋਂ ਭਾਜਪਾ ਚੋਂ ਅਸਤੀਫਾ ਦੇਣ ਦੀਆਂ ਅਫਵਾਹਾਂ ਉੱਡੀਆਂ ਸਨ। ਇਹ ਕਿਹਾ ਜਾ ਰਿਹਾ ਸੀ ਕਿ ਸੁਨੀਲ ਜਾਖੜ ਪਾਰਟੀ ਵਿੱਚ ਐਕਟਿਵ ਨਹੀ ਹਨ। ਰਵਨੀਤ ਬਿੱਟੂ ਨੂੰ ਮੰਤਰੀ ਬਣਾਏ ਜਾਣ ਤੋਂ ਸੁਨੀਲ ਜਾਖੜ ਭਾਜਪਾ ਹਾਈ ਕਮਾਨ ਤੋਂ ਨਾਰਾਜ਼ ਚੱਲ ਰਹੇ ਹਨ। ਇਨ੍ਹਾਂ ਅਟਕਲਾਂ ਵਿਚਾਲੇ ਅੱਜ ਸੁਨੀਲ ਜਾਖੜ ਪੀਐਮ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਵਿਖਾਈ ਦਿੱਤੇ।
ਫਿਰ ਕਰਾਂਗਾ ਖੁੱਲ੍ਹ ਕੇ ਗੱਲ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਹੋਟਲ ਤੋਂ ਰਵਾਨਾ ਹੋਏ, ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਪ੍ਰਧਾਨ ਮੰਤਰੀ ਇੱਥੇ ਆਏ ਸਨ, ਅੱਜ ਪੂਰੇ ਦੇਸ਼ ਵਿੱਚ ਚੰਡੀਗੜ੍ਹ ਦੀ ਚਰਚਾ ਹੋ ਰਹੀ ਹੈ, ਅੱਜ ਇਹ ਵਿਸ਼ਾ ਹੈ।ਸੁਨੀਲ ਜਾਖੜ ਨੇ ਆਪਣੇ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਹ ਇਸ ਬਾਰੇ ਜਲਦੀ ਹੀ ਖੁੱਲ੍ਹ ਕੇ ਗੱਲ ਕਰਨਗੇ।
ਪੀਐਮ ਮੋਦੀ ਸਣੇ ਐਨਡੀਏ ਦੀ ਮੀਟਿੰਗ 'ਚ ਆਏ ਮਹਿਮਾਨਾਂ ਦਾ ਕੀਤਾ ਸਵਾਗਤ
ਇਸ ਤੋਂ ਪਹਿਲਾਂ ਲੰਬੇ ਸਮੇਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਇੱਕ ਵਾਰ ਫਿਰ ਸਰਗਰਮ ਨਜ਼ਰ ਆਏ। ਸੁਨੀਲ ਜਾਖੜ ਪਿਛਲੇ ਕਈ ਦਿਨਾਂ ਤੋਂ ਭਾਜਪਾ ਦੀਆਂ ਮੀਟਿੰਗਾਂ ਅਤੇ ਪ੍ਰੋਗਰਾਮਾਂ ਤੋਂ ਗਾਇਬ ਸਨ। ਸੁਨੀਲ ਜਾਖੜ ਚੰਡੀਗੜ੍ਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਆਗਤ ਕਰਨ ਲਈ ਹਵਾਈ ਅੱਡੇ 'ਤੇ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਐਨਡੀਏ ਦੀ ਮੀਟਿੰਗ 'ਚ ਆਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ।
ਚੰਡੀਗੜ੍ਹ ਵਿੱਚ ਐਨਡੀਏ ਦੀ ਮੀਟਿੰਗ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਲਲਿਤ ਹੋਟਲ ਵਿੱਚ ਐਨਡੀਏ ਮੁੱਖ ਮੰਤਰੀ ਕੌਂਸਲ ਦੀ ਮੀਟਿੰਗ ਹੋ ਰਹੀ ਹੈ। ਮੀਟਿੰਗ ਵਿੱਚ 18 ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੌਜੂਦ ਹਨ। ਪੀਐਮ ਮੋਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਹਨ। ਵਿਕਾਸ ਦੇ ਮੁੱਦੇ 'ਤੇ ਵੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੀਟਿੰਗ ਵਾਲੀ ਥਾਂ ਵੱਲ ਜਾਣ ਵਾਲੀਆਂ ਸੜਕਾਂ ਦੇ ਕਿਨਾਰੇ ਵੱਖ-ਵੱਖ ਰਾਜਾਂ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਦੇ ਹੋਰਡਿੰਗ ਵੀ ਲਗਾਏ ਗਏ ਹਨ। ਸੁਰੱਖਿਆ ਦੇ ਬਹੁਤ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਮੀਟਿੰਗ ਨੂੰ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ।