ਬਰਨਾਲਾ:ਬਰਨਾਲਾ ਜ਼ਿਮਨੀ ਚੋਣ ਦੀ ਟਿਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਟਕਸਾਲੀ ਆਗੂਆਂ ਨੇ ਪ੍ਰੈਸ ਕਾਨਫ਼ਰੰਸ ਕਰਕੇ ਪਾਰਟੀ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ। 24 ਘੰਟਿਆਂ ਵਿੱਚ ਉਮੀਦਵਾਰ ਬਦਲਣ 'ਤੇ ਸਖ਼ਤ ਫ਼ੈਸਲਾ ਲੈਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਮੀਤ ਹੇਅਰ ਅਤੇ ਪਾਰਟੀ ਉਮੀਦਵਾਰ ਨੂੰ ਲੈ ਕੇ ਤਿੱਖੇ ਸੁਰ ਦਿਖਾਏ ਹਨ।
ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੇ ਬਰਨਾਲਾ ਤੋਂ ਟਿਕਟ ਬਹੁਤ ਗਲਤ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵਿੱਚ ਵੀ ਹੋਰਨਾਂ ਪਾਰਟੀਆਂ ਵਾਂਗ ਪਰਿਵਾਰਵਾਦ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰ ਬਣਾਇਆ ਗਿਆ ਹਰਿੰਦਰ ਸਿੰਘ ਧਾਲੀਵਾਲ ਦੀ ਆਪਣੀ ਕੋਈ ਪਹਿਚਾਣ ਨਹੀਂ ਹੈ, ਉਸਦੀ ਪਹਿਚਾਣ ਸਿਰਫ਼ ਸੰਸਦ ਮੈਂਬਰ ਮੀਤ ਹੇਅਰ ਨਾਲ ਦੋਸਤੀ ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ 2014 ਵਿੱਚ ਇੰਜਨੀਅਰ ਕਾਲਜ ਦੀ ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਇਆ। ਲਗਾਤਾਰ ਪੰਜ ਸਾਲ ਪਾਰਟੀ ਲਈ ਕੰਮ ਕੀਤਾ ਅਤੇ ਬਾਅਦ ਵਿੱਚ ਪਾਰਟੀ ਨੇ 2018 ਵਿੱਚ ਪਾਰਟੀ ਦਾ ਪ੍ਰਧਾਨ ਬਣਾਇਆ। ਲਗਾਤਾਰ 7 ਸਾਲਾਂ ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਕੰਮ ਕਰਦਾ ਆ ਰਿਹਾ ਹਾਂ। ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੇ ਪ੍ਰਧਾਨ ਬਦਲ ਦਿੱਤੇ ਗਏ, ਪਰ ਮੈਂ ਅਜੇ ਵੀ ਕੰਮ ਕਰਦਾ ਰਿਹਾ ਹਾਂ।
3-3 ਮਹੀਨੇ ਪਾਰਟੀ ਲਈ ਘਰ ਛੱਡਿਆ
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਪਾਰਟੀ ਨੇ 2017 ਅਤੇ 2022 ਵਿੱਚ ਮੀਤ ਹੇਅਰ ਨੂੰ ਟਿਕਟ ਦਿੱਤੀ। ਅਸੀਂ ਸਭ ਨੇ ਉਨ੍ਹਾਂ ਦਾ ਸਾਥ ਦਿੱਤਾ। 2022 ਦੀ ਲੋਕ ਸਭਾ ਚੋਣ ਲਈ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਨੂੰ ਟਿਕਟ ਦਿੱਤੀ ਗਈ। ਪਰ ਹੁਣ ਲੋਕ ਸਭਾ ਚੋਣ ਵਿੱਚ ਪਾਰਟੀ ਨੇ ਉਮੀਦਵਾਰ ਬਣਾ ਦਿੱਤਾ। ਜਿਸ ਉਪਰੰਤ ਹੁਣ ਬਰਨਾਲਾ ਵਿਧਾਨ ਸਭਾ ਦੀ ਚੋਣ ਆਈ ਜਿਸ ਲਈ ਪਾਰਟੀ ਦੇ ਵਰਕਰ ਅਤੇ ਸਾਰੇ ਸਰਵੇ ਮੈਨੂੰ ਟਿਕਟ ਦੇਣ ਦੇ ਹੱਕ ਵਿੱਚ ਸਨ। ਪਾਰਟੀ ਵਲੋਂ ਵੀ ਟਿਕਟ ਦੇਣ ਦਾ ਪੂਰਾ ਭਰੋਸਾ ਦਿੱਤਾ ਗਿਆ ਅਤੇ ਅਸੀਂ ਆਪਣਾ ਕੰਮ ਜਾਰੀ ਰੱਖਿਆ ਪਰ ਅੱਜ ਟਿਕਟ ਦੇਣ ਵੇਲੇ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਬਣਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 7 ਸਾਲਾਂ ਦੌਰਾਨ ਪਾਰਟੀ ਨੇ ਗੁਜਰਾਤ, ਹਰਿਆਣਾ, ਜਲੰਧਰ ਅਤੇ ਦਿੱਲੀ ਵਿਖੇ ਡਿਊਟੀ ਲਗਾਈ। ਅਸੀਂ 3-3 ਮਹੀਨੇ ਪਾਰਟੀ ਲਈ ਘਰ ਛੱਡਿਆ। ਜਿਸ ਹਰਿੰਦਰ ਧਾਲੀਵਾਲ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ, ਉਸਨੇ ਇੱਕ ਦਿਨ ਵੀ ਪਾਰਟੀ ਲਈ ਕੋਈ ਕੰਮ ਨਹੀਂ ਕੀਤਾ।