ਲੁਧਿਆਣਾ:ਲੁਧਿਆਣਾ ਦੇ ਵਾਰਡ ਨੰਬਰ 74 ਚ ਭਾਜਪਾ ਛੱਡ ਆਜ਼ਾਦ ਚੋਣਾਂ ਲੜੇ ਸਰਬਜੀਤ ਸਿੰਘ ਕਾਕਾ ਨੇ ਵੋਟਾਂ ਵਾਲੇ ਦਿਨ ਮਸ਼ੀਨ ਤੇ ਬੂਥ ਕੈਪਚਰਿੰਗ ਦੇ ਇਲਜ਼ਾਮ ਲਗਾਏ ਹਨ। ਇਸ ਦੌਰਾਨ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਕਾਕਾ ਨੇ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਵੀਡੀਓ, ਸੀਸੀਟੀਵੀ ਅਤੇ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵੋਟਾਂ ਵਾਲੇ ਦਿਨ ਕਾਂਗਰਸ ਦੇ ਕੁਝ ਲੀਡਰਾਂ ਵੱਲੋਂ ਧੱਕੇਸ਼ਾਹੀ ਕਰਦਿਆਂ ਬੂਥ ਕੈਪਚਰਿੰਗ ਕੀਤੀ ਗਈ ਹੈ।
ਸਰਬਜੀਤ ਕਾਕਾ ਨੇ ਕਿਹਾ ਕਿ ਇਸ ਬਾਬਤ ਜਦੋਂ ਸੰਬੰਧਤ ਅਧਿਕਾਰੀਆਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਉਹ ਲਿਖਤੀ ਰੂਪ ਵਿੱਚ ਸ਼ਿਕਾਇਤ ਦੇਣ ਲਈ ਪਹੁੰਚੇ ਹਨ।
ਕਾਂਗਰਸ ਪਾਰਟੀ 'ਤੇ ਲੱਗੇ ਬੂਥ ਕੈਪਚਰਿੰਗ ਦੇ ਇਲਜ਼ਾਮ (ETV Bharat, ਪੱਤਰਕਾਰ, ਲੁਧਿਆਣਾ) "ਜਾਅਲੀ ਵੋਟਾਂ ਭੁਗਤਾਈਆਂ ਗਈਆਂ"
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਕਾਕਾ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਨੰਬਰ 74 ਵਿੱਚ ਕਾਂਗਰਸ ਦੇ ਕੁਝ ਵਰਕਰਾਂ ਵੱਲੋਂ ਬੂਥ ਕੈਪਚਰ ਕੀਤੇ ਗਏ ਹਨ, ਜਿੱਥੇ ਜਾਅਲੀ ਵੋਟਾਂ ਭੁਗਤਾਈਆਂ ਗਈਆਂ ਹਨ।
ਪੁਲਿਸ ਮੁਲਾਜ਼ਮਾਂ ਨਾਲ ਝੜਪ ਕਰਨ ਦੇ ਵੀ ਇਲਜ਼ਾਮ
ਸਰਬਜੀਤ ਨੇ ਕਾਂਗਰਸੀ ਲੀਡਰਾਂ ਉੱਤੇ ਇਹ ਵੀ ਇਲਜ਼ਾਮ ਲਗਾਇਆ ਕਿ ਇਸ ਬਾਬਤ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਲੜਾਈ ਝਗੜਾ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਸਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਬਤ ਸ਼ਿਕਾਇਤ ਕੀਤੀ ਸੀ, ਪਰ ਉਨ੍ਹਾਂ ਲਿਖਤੀ ਤੌਰ ਉੱਤੇ ਸ਼ਿਕਾਇਤ ਅਤੇ ਵੀਡੀਓ ਦੀ ਮੰਗ ਕੀਤੀ ਸੀ ਕਿ ਜੋ ਉਨ੍ਹਾਂ ਨੂੰ ਮੁਹਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀ ਸੀਸੀਟੀਵੀ ਵੀਡੀਓ ਅਤੇ ਲਿਖਤੀ ਤੌਰ ਉੱਤੇ ਸ਼ਿਕਾਇਤ ਵੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਪੰਜਾਬ ਦੀਆਂ 44 ਨਗਰ ਨਿਗਮ ਤੇ ਨਗਰ ਕੌਸਲਾਂ ਲਈ ਚੋਣਾਂ ਹੋਈਆਂ ਹਨ ਅਤੇ ਉਸੇ ਦਿਨ ਨਤੀਜੇ ਐਲਾਨੇ ਗਏ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪਟਿਆਲਾ ਵਿੱਚ ਪੂਰਨ ਬਹੁਮਤ ਹਾਸਲ ਕੀਤਾ ਹੈ। ਜਦਕਿ, ਪਾਰਟੀ ਨੂੰ ਲੁਧਿਆਣਾ ਅਤੇ ਜਲੰਧਰ ਵਿਚ ਜ਼ਿਆਦਾ ਸੀਟਾਂ ਮਿਲੀਆਂ ਹਨ, ਪਰ ਇਸ ਨੂੰ ਬਹੁਮਤ ਨਹੀਂ ਮਿਲਿਆ ਹੈ। ਜਦਕਿ ਅੰਮ੍ਰਿਤਸਰ ਅਤੇ ਫਗਵਾੜਾ ਨਗਰ ਨਿਗਮ ਵਿਚ ਕਾਂਗਰਸ ਨੂੰ ਜ਼ਿਆਦਾ ਸੀਟਾਂ ਮਿਲੀਆਂ ਹਨ, ਪਰ ਬਹੁਮਤ ਨਹੀਂ ਮਿਲਿਆ ਹੈ।