ਵਾਸ਼ਿੰਗਟਨ ਡੀਸੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਸਫਲ ਦੌਰੇ ਤੋਂ ਬਾਅਦ ਬੁੱਧਵਾਰ ਸ਼ਾਮ (ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ) ਅਮਰੀਕਾ ਪਹੁੰਚ ਗਏ। ਅਮਰੀਕਾ ਦੇ ਦੋ ਦਿਨਾਂ ਦੌਰੇ 'ਤੇ ਪਹੁੰਚੇ ਪ੍ਰਧਾਨ ਮੰਤਰੀ ਦਾ ਵਾਸ਼ਿੰਗਟਨ ਡੀਸੀ ਦੇ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਵਾਸੀ ਭਾਰਤੀਆਂ ਨੇ ਵੀ ਪ੍ਰਧਾਨ ਮੰਤਰੀ ਦਾ ਬਲੇਅਰ ਹਾਊਸ ਵਿਖੇ ਨਿੱਘਾ ਸਵਾਗਤ ਕੀਤਾ, ਜਿੱਥੇ ਉਹ ਰੁਕਣਗੇ। ਬਲੇਅਰ ਹਾਊਸ 'ਚ ਥੋੜ੍ਹੇ ਸਮੇਂ ਦੇ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਖੁਫੀਆ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ, ਜੋ ਇਸ ਦੌਰੇ ਦਾ ਅਹਿਮ ਹਿੱਸਾ ਸੀ।
ਤੁਲਸੀ ਗਬਾਰਡ ਬਣੀ ਅਮਰੀਕੀ ਖੁਫੀਆ ਮੁਖੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਤੁਲਸੀ ਗਬਾਰਡ ਨੂੰ ਬੁੱਧਵਾਰ ਨੂੰ ਹੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਸੈਨੇਟ ਨੇ ਉਸ ਦੇ ਹੱਕ ਵਿਚ ਵੋਟਿੰਗ ਕੀਤੀ, ਜਿਸ ਤੋਂ ਬਾਅਦ ਉਹ ਅਮਰੀਕਾ ਦੀਆਂ 18 ਖੁਫੀਆ ਏਜੰਸੀਆਂ ਦੀ ਮੁਖੀ ਬਣ ਗਈ। ਮੰਨਿਆ ਜਾ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਮਰੀਕੀ ਦੌਰੇ ਦੀ ਸ਼ੁਰੂਆਤ ਉਨ੍ਹਾਂ ਨੂੰ ਮਿਲ ਕੇ ਕੀਤੀ ਸੀ। ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਲਿਖਿਆ, "ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਅਸੀਂ ਭਾਰਤ-ਅਮਰੀਕਾ ਦੋਸਤੀ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ, ਜਿਨ੍ਹਾਂ ਵਿੱਚੋਂ ਉਹ ਹਮੇਸ਼ਾ ਇੱਕ ਮਜ਼ਬੂਤ ਸਮਰਥਕ ਰਹੀ ਹੈ।"
ਪੀਐਮ ਮੋਦੀ ਅਤੇ ਤੁਲਸੀ ਗਬਾਰਡ ਨੇ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
ਇਸ ਦੇ ਨਾਲ ਹੀ, ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ਪੋਸਟ ਵਿੱਚ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨਾਲ ਇੱਕ ਸਾਰਥਕ ਮੀਟਿੰਗ ਕੀਤੀ। ਚਰਚਾ ਸਾਈਬਰ ਸੁਰੱਖਿਆ, ਅੱਤਵਾਦ ਅਤੇ ਉੱਭਰਦੇ ਖਤਰਿਆਂ ਵਿੱਚ ਖੁਫੀਆ ਸਹਿਯੋਗ ਵਧਾਉਣ 'ਤੇ ਕੇਂਦਰਿਤ ਸੀ।"