ਇਸਲਾਮਾਬਾਦ: ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਨੇ ਆਪਣੀ ਪਾਰਟੀ ਨੂੰ ਰਮਜ਼ਾਨ ਤੋਂ ਬਾਅਦ ਇੱਕ ਮਜ਼ਬੂਤ ਰਾਜਨੀਤਿਕ ਅੰਦੋਲਨ ਸ਼ੁਰੂ ਕਰਨ ਲਈ ਕਿਹਾ ਹੈ। ਨਾਲ ਹੀ, ਦੋ ਸੀਨੀਅਰ ਆਗੂਆਂ ਨੂੰ ਵਿਰੋਧੀ ਪਾਰਟੀਆਂ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਖਾਨ ਦੇ ਵਕੀਲ ਫੈਸਲ ਚੌਧਰੀ ਨੇ ਪੀਟੀਆਈ ਦੇ ਸੰਸਥਾਪਕ ਨੂੰ ਮਿਲਣ ਤੋਂ ਬਾਅਦ ਅਡਿਆਲਾ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਐਲਾਨ ਕੀਤਾ। ਚੌਧਰੀ ਨੇ ਕਿਹਾ ਕਿ ਇਮਰਾਨ ਖਾਨ ਨੇ ਪੀਟੀਆਈ ਆਗੂਆਂ-ਅਸਦ ਕੈਸਰ ਅਤੇ ਉਮਰ ਅਯੂਬ ਨੂੰ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਸਥਾਪਤ ਕਰਨ ਲਈ ਕਿਹਾ ਹੈ। ਉਨ੍ਹਾਂ ਸਰਕਾਰ ਨੂੰ ਇਨ੍ਹਾਂ ਤੱਥਾਂ 'ਤੇ ਵਿਚਾਰ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਖੁੱਲ੍ਹੇ ਪੱਤਰਾਂ ਵਿੱਚ ਇਸਦਾ ਜ਼ਿਕਰ ਕੀਤਾ ਹੈ।
ਵਕੀਲ ਨੇ ਰੱਖੇ ਸਾਰੇ ਪੱਖ
ਇਮਰਾਨ ਖਾਨ ਦੇ ਵਕੀਲ ਨੇ ਕਿਹਾ ਕਿ ਪੀਟੀਆਈ ਨੇਤਾ ਜਿਨ੍ਹਾਂ ਵਿਰੁੱਧ ਕਾਨੂੰਨੀ ਮਾਮਲੇ ਦਰਜ ਹਨ, ਉਨ੍ਹਾਂ ਨੂੰ ਅਦਿਆਲਾ ਜੇਲ੍ਹ ਵਿੱਚ ਕੰਟਰੋਲਡ ਟਰਾਇਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ 9 ਮਈ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਾਰਟੀ ਛੱਡਣ ਵਾਲਿਆਂ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਇਆ ਗਿਆ ਹੈ। ਫੈਸਲ ਚੌਧਰੀ ਨੇ ਕਿਹਾ ਕਿ ਪੀਟੀਆਈ ਨੇ ਖੁੱਲ੍ਹੀ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਕੀਲਾਂ ਅਤੇ ਪੱਤਰਕਾਰਾਂ ਨੂੰ ਚੋਣਵੇਂ ਤੌਰ 'ਤੇ ਅਦਾਲਤ ਦੇ ਕਮਰੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਇਮਰਾਨ ਖਾਨ ਦੇ ਵਕੀਲ ਨੇ 9 ਮਈ, 2023 ਦੀਆਂ ਘਟਨਾਵਾਂ ਨੂੰ ਝੂਠਾ ਫਲੈਗ ਆਪ੍ਰੇਸ਼ਨ ਕਿਹਾ।
ਪਾਕਿਸਤਾਨ ਵਿੱਚ ਆਰਥਿਕ ਸੰਕਟ ਦਾ ਦਿੱਤਾ ਹਵਾਲਾ
ਘਟਨਾਵਾਂ ਦੀ ਜਾਂਚ ਲਈ ਇੱਕ ਸੁਤੰਤਰ ਨਿਆਂਇਕ ਕਮਿਸ਼ਨ ਦੀ ਮੰਗ ਕੀਤੀ। ਉਨ੍ਹਾਂ ਅੱਗੇ ਕਿਹਾ, 'ਅਸੀਂ ਸੰਵਿਧਾਨ ਅਤੇ ਕਾਨੂੰਨ ਦੇ ਤਹਿਤ ਨਿਆਂ ਚਾਹੁੰਦੇ ਹਾਂ। ਅਸੀਂ ਫੌਜੀ ਅਦਾਲਤਾਂ ਬਾਰੇ ਸੁਪਰੀਮ ਕੋਰਟ ਦੇ ਬੈਂਚ ਦੀਆਂ ਟਿੱਪਣੀਆਂ ਨਾਲ ਅਸਹਿਮਤ ਹਾਂ। ਫੈਸਲ ਚੌਧਰੀ ਨੇ ਪਾਕਿਸਤਾਨ ਵਿੱਚ ਆਰਥਿਕ ਸੰਕਟ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਉਜਾਗਰ ਕਰਨ ਲਈ ਇਮਰਾਨ ਖਾਨ ਦਾ ਹਵਾਲਾ ਵੀ ਦਿੱਤਾ।