ਤੇਲ ਅਵੀਵ: ਇਜ਼ਰਾਈਲ ਨੇ ਗਾਜ਼ਾ ਵਿੱਚ ਜੰਗ ਰੋਕਣ ਲਈ ਅੰਤਰਰਾਸ਼ਟਰੀ ਦਬਾਅ ਨੂੰ ਠੁਕਰਾ ਦਿੱਤਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਜੇਕਰ 'ਜ਼ਬਰਦਸਤੀ' ਕੀਤੀ ਗਈ ਤਾਂ ਇਜ਼ਰਾਈਲ ਹਮਾਸ ਵਿਰੁੱਧ ਜੰਗ 'ਚ 'ਇਕੱਲਾ ਖੜ੍ਹਾ' ਹੋਵੇਗਾ। ਨੇਤਨਯਾਹੂ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਇਸ ਬਿਆਨ ਤੋਂ ਬਾਅਦ ਆਇਆ ਹੈ ਕਿ ਦੱਖਣੀ ਗਾਜ਼ਾ ਸ਼ਹਿਰ ਰਫਾਹ 'ਤੇ ਹਮਲੇ ਲਈ ਅਮਰੀਕਾ ਇਜ਼ਰਾਈਲ ਨੂੰ ਹਥਿਆਰ ਮੁਹੱਈਆ ਨਹੀਂ ਕਰਵਾਏਗਾ।
ਇਜ਼ਰਾਈਲ ਇਕੱਲਾ ਖੜ੍ਹਾ ਹੋਵੇਗਾ: ਨੇਤਨਯਾਹੂ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲ ਦੇ ਇਕਲੌਤੇ ਯਹੂਦੀ ਰਾਜ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਅੱਜ ਯੇਰੂਸ਼ਲਮ ਤੋਂ ਇਸ ਸਰਬਨਾਸ਼ ਯਾਦ ਦਿਵਸ 'ਤੇ ਇਹ ਵਾਅਦਾ ਕਰਦਾ ਹਾਂ ਕਿ ਜੇਕਰ ਇਜ਼ਰਾਈਲ ਨੂੰ ਇਕੱਲੇ ਖੜ੍ਹੇ ਹੋਣ ਲਈ ਮਜ਼ਬੂਰ ਕੀਤਾ ਗਿਆ ਤਾਂ ਇਜ਼ਰਾਈਲ ਇਕੱਲਾ ਖੜ੍ਹਾ ਹੋਵੇਗਾ। ਪਰ ਅਸੀਂ ਜਾਣਦੇ ਹਾਂ ਕਿ ਅਸੀਂ ਇਕੱਲੇ ਨਹੀਂ ਹਾਂ, ਕਿਉਂਕਿ ਦੁਨੀਆ ਭਰ ਦੇ ਅਣਗਿਣਤ ਲੋਕ ਸਾਡੇ ਸਹੀ ਉਦੇਸ਼ ਦਾ ਸਮਰਥਨ ਕਰਦੇ ਹਨ। ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਆਪਣੇ ਦੁਸ਼ਮਣਾਂ ਨੂੰ ਹਰਾਵਾਂਗੇ ਜੋ ਨਸਲਕੁਸ਼ੀ ਕਰਦੇ ਹਨ।
ਦੇਸ਼ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ: ਇਜ਼ਰਾਈਲ ਦੇ ਪੀਐਮ ਨੇ ਕਿਹਾ ਕਿ 80 ਸਾਲ ਪਹਿਲਾਂ ਜਦੋਂ ਯਹੂਦੀ ਲੋਕ ਬੇਸਹਾਰਾ ਸਨ ਤਾਂ ਕੋਈ ਵੀ ਦੇਸ਼ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ। ਉਸ ਨੂੰ ਨਾਜ਼ੀ ਸਰਬਨਾਸ਼ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਉਸ ਸਮੇਂ ਯਹੂਦੀ ਲੋਕ ਉਨ੍ਹਾਂ ਲੋਕਾਂ ਤੋਂ ਪੂਰੀ ਤਰ੍ਹਾਂ ਅਸੁਰੱਖਿਅਤ ਸਨ। ਨਾਜ਼ੀ ਸਾਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਸ ਸਮੇਂ ਕੋਈ ਵੀ ਦੇਸ਼ ਸਾਡੀ ਮਦਦ ਲਈ ਨਹੀਂ ਆਇਆ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਲਾਨਾ ਸਰਬਨਾਸ਼ ਯਾਦਗਾਰ ਦਿਵਸ, ਯੋਮ ਹਾਸ਼ੋਹ 'ਤੇ ਇੱਕ ਭੜਕੀਲਾ ਭਾਸ਼ਣ ਦਿੱਤਾ। ਯੋਮ ਹਾਸ਼ੋਹ, ਜਿਸ ਦਿਨ ਇਜ਼ਰਾਈਲ ਨਾਜ਼ੀ ਜਰਮਨੀ ਅਤੇ ਇਸਦੇ ਸਹਿਯੋਗੀਆਂ ਦੁਆਰਾ ਸਰਬਨਾਸ਼ ਵਿੱਚ ਮਾਰੇ ਗਏ 6 ਮਿਲੀਅਨ ਯਹੂਦੀਆਂ ਦੀ ਯਾਦ ਵਿੱਚ ਮਨਾਉਂਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਮੁੜ ਆਪਣੀ ਤਬਾਹੀ 'ਤੇ ਤੁਲੇ ਹੋਏ ਦੁਸ਼ਮਣਾਂ ਦਾ ਸਾਹਮਣਾ ਕਰ ਰਹੇ ਹਾਂ। ਮੈਂ ਵਿਸ਼ਵ ਨੇਤਾਵਾਂ ਨੂੰ ਕਹਿੰਦਾ ਹਾਂ, ਕੋਈ ਵੀ ਦਬਾਅ, ਕਿਸੇ ਵੀ ਅੰਤਰਰਾਸ਼ਟਰੀ ਮੰਚ ਦਾ ਕੋਈ ਵੀ ਫੈਸਲਾ ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਤੋਂ ਨਹੀਂ ਰੋਕੇਗਾ। ਨੇਤਨਯਾਹੂ ਨੇ ਕਿਹਾ ਕਿ ਜੇਕਰ ਸਾਨੂੰ ਇਕੱਲੇ ਖੜ੍ਹੇ ਹੋਣਾ ਪਿਆ ਤਾਂ ਅਸੀਂ ਇਕੱਲੇ ਖੜ੍ਹੇ ਹੋਵਾਂਗੇ। ਲੋੜ ਪਈ ਤਾਂ ਨਹੁੰਆਂ ਨਾਲ ਲੜਾਂਗੇ। ਪਰ ਸਾਡੇ ਕੋਲ ਨਹੁੰਆਂ ਤੋਂ ਵੱਧ ਵੀ ਬਹੁਤ ਕੁਝ ਹੈ।