ਵਾਸ਼ਿੰਗਟਨ: 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਕਰੀਬੀ ਮੁਕਾਬਲਾ ਦੱਸਿਆ ਜਾ ਰਿਹਾ ਹੈ। ਇਹ ਚੋਣ ਇਤਿਹਾਸ ਵਿੱਚ ਦਹਾਕਿਆਂ ਵਿੱਚ ਵ੍ਹਾਈਟ ਹਾਊਸ ਲਈ ਸਭ ਤੋਂ ਨਜ਼ਦੀਕੀ ਮੁਕਾਬਲਿਆਂ ਵਿੱਚੋਂ ਇੱਕ ਹੋਵੇਗੀ। ਫਲੋਰੀਡਾ ਯੂਨੀਵਰਸਿਟੀ ਦੀ ਚੋਣ ਲੈਬ ਦੇ ਅਨੁਸਾਰ, ਐਤਵਾਰ ਤੱਕ 75 ਮਿਲੀਅਨ ਤੋਂ ਵੱਧ ਅਮਰੀਕੀਆਂ ਨੇ ਆਪਣੀ ਵੋਟ ਪਾਈ ਹੈ। ਇਹ ਇਲੈਕਸ਼ਨ ਲੈਬ ਪੂਰੇ ਅਮਰੀਕਾ ਵਿੱਚ ਛੇਤੀ ਅਤੇ ਮੇਲ-ਇਨ ਵੋਟਿੰਗ ਦੀ ਨਿਗਰਾਨੀ ਕਰਦੀ ਹੈ।
ਵਹਾਈਟ ਹਾਊਸ ਛੱਡਣ ਦਾ ਪਛਤਾਵਾ
ਜਿਵੇਂ ਹੀ ਚੋਣਾਂ ਦੇ ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋਈ, 78 ਸਾਲਾ ਸਾਬਕਾ ਰਾਸ਼ਟਰਪਤੀ ਟਰੰਪ ਨੇ 2020 ਦੀਆਂ ਚੋਣਾਂ ਦੀਆਂ ਕੌੜੀਆਂ ਯਾਦਾਂ ਨੂੰ ਤਾਜਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ 'ਵ੍ਹਾਈਟ ਹਾਊਸ ਨਹੀਂ ਛੱਡਣਾ ਚਾਹੀਦਾ ਸੀ', ਇਸ ਨਾਲ ਉਹਨਾਂ 'ਚ ਇਹ ਡਰ ਪੈਦਾ ਹੋ ਗਿਆ ਹੈ ਕਿ ਜੇਕਰ ਉਹ ਹੈਰਿਸ ਤੋਂ ਚੋਣ ਹਾਰ ਗਏ ਤਾਂ ਸ਼ਾਇਦ ਉਹ ਵੋਟਿੰਗ ਦੇ ਨਤੀਜੇ ਨੂੰ ਸਵੀਕਾਰ ਨਹੀਂ ਕਰ ਸਕਦੇ। ਪੇਨਸਲਵੇਨੀਆਂ 'ਚ ਟਰੰਪ ਨੇ ਕਿਹਾ ਕਿ "ਮੈਨੂੰ ਛੱਡਣਾ ਨਹੀਂ ਚਾਹੀਦਾ ਸੀ, ਮੇਰਾ ਮਤਲਬ ਹੈ, ਇਮਾਨਦਾਰੀ ਨਾਲ, ਕਿਉਂਕਿ...ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ।
ਇਸ ਦੇ ਨਾਲ ਹੀ ਮਿਸ਼ੀਗਨ 'ਚ ਆਪਣੀ ਆਖਰੀ ਰੈਲੀ 'ਚ 60 ਸਾਲਾ ਹੈਰਿਸ ਨੇ ਕਿਹਾ ਕਿ ਉਹ ਸਾਰੇ ਅਮਰੀਕੀ ਲੋਕਾਂ ਲਈ ਰਾਸ਼ਟਰਪਤੀ ਬਣੇਗੀ। ਉਨ੍ਹਾਂ ਨਫਰਤ ਅਤੇ ਵੰਡ ਨੂੰ ਖਤਮ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਜਦਕਿ ਟਰੰਪ ਨੇ ਆਪਣੇ ਡੈਮੋਕਰੇਟਿਕ ਵਿਰੋਧੀ ਖਿਲਾਫ ਤਿੱਖਾ ਹਮਲਾ ਜਾਰੀ ਰੱਖਿਆ। ਮਿਸ਼ੀਗਨ ਵਿੱਚ ਆਪਣੀ ਰੈਲੀ ਵਿੱਚ ਉਪ ਰਾਸ਼ਟਰਪਤੀ ਹੈਰਿਸ ਨੇ ਕਿਹਾ ਕਿ ਇਹ ਸਾਡੇ ਸਮੇਂ ਦੀਆਂ ਸਭ ਤੋਂ ਮਹੱਤਵਪੂਰਨ ਚੋਣਾਂ ਵਿੱਚੋਂ ਇੱਕ ਹੋਣ ਜਾ ਰਹੀ ਹੈ। ਮਾਹੌਲ ਸਾਡੇ ਪੱਖ ਵਿੱਚ ਹੈ, ਕੀ ਤੁਸੀਂ ਇਸਨੂੰ ਮਹਿਸੂਸ ਕਰ ਸਕਦੇ ਹੋ।
ਗਾਜ਼ਾ ਦੇ ਹਲਾਤਾਂ 'ਤੇ ਹੈਰਿਸ ਦੀ ਚਿੰਤਾ
ਹੈਰਿਸ ਨੇ ਰਾਜ ਦੇ ਅਰਬ ਅਮਰੀਕੀ ਵੋਟਰਾਂ ਤੋਂ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਗਾਜ਼ਾ ਯੁੱਧ ਨੂੰ ਵੀ ਸੰਬੋਧਨ ਕੀਤਾ। "ਗਾਜ਼ਾ ਵਿੱਚ ਮੌਤਾਂ ਅਤੇ ਤਬਾਹੀ ਅਤੇ ਲੇਬਨਾਨ ਵਿੱਚ ਨਾਗਰਿਕਾਂ ਦੀ ਮੌਤ ਅਤੇ ਵਿਸਥਾਪਨ ਦੇ ਪੈਮਾਨੇ ਨੂੰ ਦੇਖਦੇ ਹੋਏ, ਇਹ ਸਾਲ ਮੁਸ਼ਕਲ ਰਿਹਾ ਹੈ," ਉਹਨਾਂ ਕਿਹਾ ਕਿ ਇਹ ਵਿਨਾਸ਼ਕਾਰੀ ਹੈ।
ਮੁੱਖ ਮੁੱਦਿਆਂ 'ਤੇ ਹੈਰਿਸ-ਟਰੰਪ ਦਾ ਸਟੈਂਡ
ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਨੀਤੀਗਤ ਮਤਭੇਦ ਗੰਭੀਰ ਨਜ਼ਰ ਆ ਰਹੇ ਹਨ। ਦੋਵੇਂ ਉਮੀਦਵਾਰ ਗਰਭਪਾਤ ਕਾਨੂੰਨ, ਟਰਾਂਸਜੈਂਡਰ ਅਧਿਕਾਰ, ਇਮੀਗ੍ਰੇਸ਼ਨ, ਵੀਜ਼ਾ ਨੀਤੀਆਂ ਅਤੇ ਆਰਥਿਕ ਨੀਤੀਆਂ ਵਰਗੇ ਪ੍ਰਮੁੱਖ ਮੁੱਦਿਆਂ 'ਤੇ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ। ਟਰੰਪ ਅਮਰੀਕੀ ਦਰਾਮਦਾਂ 'ਤੇ 10 ਫੀਸਦੀ ਤੋਂ ਜ਼ਿਆਦਾ ਟੈਕਸ ਲਗਾ ਕੇ ਅਮਰੀਕਾ ਨੂੰ 'ਧਰਤੀ ਦੀ ਕ੍ਰਿਪਟੋ ਕੈਪੀਟਲ' 'ਚ ਬਦਲਣਾ ਚਾਹੁੰਦੇ ਹਨ, ਜਦਕਿ ਹੈਰਿਸ ਮੱਧ ਅਤੇ ਛੋਟੇ ਵਰਗ ਦੇ ਕਾਰੋਬਾਰੀਆਂ ਨੂੰ ਬਿਹਤਰ ਮੌਕੇ ਦੇਣ ਦੇ ਸਮਰਥਕ ਹਨ।
ਹੈਰਿਸ ਨੇ ਦੇਸ਼ ਭਰ ਦੀਆਂ ਔਰਤਾਂ ਨੂੰ ਗਰਭਪਾਤ ਦੇ ਅਧਿਕਾਰਾਂ ਨੂੰ ਬਹਾਲ ਕਰਨ ਲਈ ਸੰਘੀ ਕਾਨੂੰਨ ਪੇਸ਼ ਕਰਨ ਦਾ ਵਾਅਦਾ ਕੀਤਾ ਹੈ।
ਸਾਬਕਾ ਰਾਸ਼ਟਰਪਤੀ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਸੁਪਰੀਮ ਕੋਰਟ ਦੇ ਤਿੰਨ ਜੱਜ ਨਿਯੁਕਤ ਕੀਤੇ ਜਿਨ੍ਹਾਂ ਨੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖਤਮ ਕਰਨ ਲਈ ਵੋਟ ਕੀਤਾ ਸੀ। ਮਾਹਿਰਾਂ ਮੁਤਾਬਕ ਟਰੰਪ ਇਹ ਤੈਅ ਨਹੀਂ ਕਰ ਸਕੇ ਹਨ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਇਸ ਮੁੱਦੇ ਨਾਲ ਕਿਵੇਂ ਨਜਿੱਠਣਗੇ। ਕਮਲਾ ਹੈਰਿਸ ਨੇ ਇੱਕ ਰੈਲੀ ਵਿੱਚ ਕਿਹਾ, "ਅਸੀਂ ਔਰਤਾਂ 'ਤੇ ਭਰੋਸਾ ਕਰਦੇ ਹਾਂ। ਜਦੋਂ ਕਾਂਗਰਸ ਰਿਪ੍ਰੋਡਕਟਿਵ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਇੱਕ ਬਿੱਲ ਪਾਸ ਕਰੇਗੀ, ਤਾਂ ਮੈਂ, ਸੰਯੁਕਤ ਰਾਜ ਦੀ ਰਾਸ਼ਟਰਪਤੀ ਵਜੋਂ, ਮਾਣ ਨਾਲ ਇਸ 'ਤੇ ਕਾਨੂੰਨ ਵਿੱਚ ਦਸਤਖਤ ਕਰਾਂਗੀ।"