ਚੰਡੀਗੜ੍ਹ/ ਪਾਕਿਸਤਾਨ:ਭਾਰਤ ਦਾ ਗੁਵਾਂਢੀ ਮੁਲਕ ਪਾਕਿਸਤਾਨ, ਸ਼ਨੀਵਾਰ ਦੀ ਸਵੇਰ ਬੰਬ ਧਮਾਕਿਆਂ ਨਾਲ ਦਹਿਲ ਗਿਆ। ਜਿੱਥੇ ਇੱਕ ਤੋਂ ਬਾਅਦ ਇੱਕ ਹੋਏ ਬੰਬ ਧਮਾਕਿਆਂ 'ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ਧਮਾਕੇ ਦੀ ਖਬਰ ਪਾਕਿਸਤਾਨ ਦੇ ਉੱਤਰ-ਪੱਛਮੀ ਬਲੋਚਿਸਤਾਨ ਤੋਂ ਆਈ ਹੈ। ਇਹ ਬੰਬ ਧਮਾਕਾ ਕਵੇਟਾ ਦੇ ਰੇਲਵੇ ਸਟੇਸ਼ਨ ਨੇੜੇ ਹੋਇਆ। ਬੰਬ ਧਮਾਕੇ ਵਿੱਚ ਜਿੱਥੇ ਕਈ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜਿਨਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ।
ਇਸ ਧਮਾਕੇ ਦੀ ਸੂਚਨਾ ਮਿਲਣ 'ਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਜਿਨਾਂ 'ਚ ਪੁਲਿਸ ਬੱਲ ਭਾਰੀ ਮਾਤਰਾ 'ਚ ਤਾਇਨਾਤ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਕਵੇਟਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਅਤੇ ਜ਼ਖ਼ਮੀਆਂ ਦੇ ਇਲਾਜ ਲਈ ਡਾਕਟਰਾਂ ਅਤੇ ਪੈਰਾਮੈਡਿਕਸ ਨੂੰ ਬੁਲਾਇਆ ਗਿਆ। ਰੇਲਵੇ ਅਧਿਕਾਰੀਆਂ ਮੁਤਾਬਕ ਜਾਫਰ ਐਕਸਪ੍ਰੈਸ ਨੇ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣਾ ਸੀ।
ਅਤੱਵਾਦੀਆਂ ਦੇ ਨਿਸ਼ਾਨੇ 'ਤੇ ਸੀ ਰੇਲਵੇ ਸਟੇਸ਼ਨ
ਮਿਲੀ ਜਾਣਕਾਰੀ ਮੁਤਾਬਿਕ ਇਹ ਰੇਲਵੇ ਸਟੇਸ਼ਨ ਕਈ ਦਿਨਾਂ ਤੋਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਇੱਕ ਆਤਮਘਾਤੀ ਹਮਲਾਵਰ ਨੇ ਕੀਤਾ ਸੀ ਜੋ ਬੀਐਲਏ ਦੇ ਆਤਮਘਾਤੀ ਵਿੰਗ ਮਜੀਦ ਬ੍ਰਿਗੇਡ ਦਾ ਮੈਂਬਰ ਸੀ। ਪਾਕਿਸਤਾਨ ਦੇ ਇੱਕ ਨਿਜੀ ਨਿਊਜ਼ ਚੈਨਲ ਮੁਤਾਬਕ ਰੇਲਗੱਡੀ ਦੇ ਪਲੇਟਫਾਰਮ 'ਤੇ ਪਹੁੰਚਣ ਤੋਂ ਠੀਕ ਪਹਿਲਾਂ ਰੇਲਵੇ ਸਟੇਸ਼ਨ ਦੇ ਬੁਕਿੰਗ ਦਫਤਰ 'ਚ ਧਮਾਕਾ ਹੋਇਆ। ਜਿਥੇ ਆਮ ਦਿਨਾਂ ਵਾਂਗ ਸਟੇਸ਼ਨ 'ਤੇ ਭੀੜ ਜ਼ਿਆਦਾ ਹੋਣ ਕਾਰਨ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ।