ਨਵੀਂ ਦਿੱਲੀ:ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਵੀਰਵਾਰ ਨੂੰ ਵੱਡਾ ਫੈਸਲਾ ਲਿਆ ਹੈ। ਮੁਹੰਮਦ ਯੂਨਸ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਪੰਜ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਇਹ ਰਾਜਦੂਤ ਭਾਰਤ, ਆਸਟ੍ਰੇਲੀਆ, ਬੈਲਜੀਅਮ, ਪੁਰਤਗਾਲ ਅਤੇ ਸੰਯੁਕਤ ਰਾਸ਼ਟਰ ਵਿੱਚ ਤਾਇਨਾਤ ਸਨ।
ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਸਾਰੇ ਰਾਜਦੂਤਾਂ ਨੂੰ ਤੁਰੰਤ ਆਪਣੀ ਜ਼ਿੰਮੇਵਾਰੀ ਸੌਂਪਣ ਅਤੇ ਵਾਪਸ ਪਰਤਣ ਲਈ ਕਿਹਾ ਗਿਆ ਹੈ। ਬੰਗਲਾਦੇਸ਼ ਨੇ ਇਹ ਕਦਮ ਬਰਤਾਨੀਆ ਦੀ ਹਾਈ ਕਮਿਸ਼ਨਰ ਸਈਦਾ ਮੁਨਾ ਤਸਨੀਮ ਨੂੰ ਵਾਪਸ ਬੁਲਾਉਣ ਤੋਂ ਬਾਅਦ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਇੱਕ ਵੱਡੇ ਕੂਟਨੀਤਕ ਫੇਰਬਦਲ ਵਿੱਚ ਅੰਤਰਿਮ ਸਰਕਾਰ ਨੇ ਭਾਰਤ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ, ਜਿਸ ਵਿੱਚ ਪੰਜ ਦੇਸ਼ਾਂ ਦੇ ਰਾਜਦੂਤ ਵੀ ਸ਼ਾਮਲ ਹਨ।
ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਸ ਨੇ ਬਰੱਸਲਜ਼, ਕੈਨਬਰਾ, ਲਿਸਬਨ, ਨਵੀਂ ਦਿੱਲੀ ਅਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਸਥਾਈ ਮਿਸ਼ਨ ਵਿੱਚ ਤਾਇਨਾਤ ਰਾਜਦੂਤਾਂ ਨੂੰ ਤੁਰੰਤ ਢਾਕਾ ਪਰਤਣ ਦੇ ਹੁਕਮ ਦਿੱਤੇ ਹਨ।
ਇਸ ਸਾਲ ਜੁਲਾਈ ਮਹੀਨੇ ਵਿੱਚ ਬੰਗਲਾਦੇਸ਼ ਵਿੱਚ ਰਾਖਵੇਂਕਰਨ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਵਿਦਿਆਰਥੀ ਅੰਦੋਲਨ ਹੋਏ ਸਨ। ਬਾਅਦ ਵਿੱਚ ਅੰਦੋਲਨ ਹਿੰਸਕ ਹੋ ਗਿਆ, ਜਿਸ ਵਿੱਚ 700 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦੀ ਭੀੜ ਨੇ ਰਾਜਧਾਨੀ ਢਾਕਾ ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਵਧਦੀ ਹਿੰਸਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 5 ਅਗਸਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਕੇ ਭਾਰਤ ਵਿੱਚ ਸ਼ਰਨ ਲੈ ਲਈ ਸੀ।
ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤੇ ਆਮ ਵਾਂਗ ਨਹੀਂ...
ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਬੰਗਲਾਦੇਸ਼ ਦੇ 48 ਜ਼ਿਲ੍ਹਿਆਂ ਵਿੱਚ ਹਿੰਦੂ ਘੱਟ ਗਿਣਤੀਆਂ ਵਿਰੁੱਧ ਹਮਲੇ ਸ਼ੁਰੂ ਹੋ ਗਏ। ਭਾਰਤ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਉਦੋਂ ਤੋਂ ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤੇ ਆਮ ਵਾਂਗ ਨਹੀਂ ਰਹੇ ਹਨ। ਦੋਵੇਂ ਦੇਸ਼ ਲਗਭਗ 4,000 ਕਿਲੋਮੀਟਰ ਲੰਬੀ ਸਰਹੱਦ ਵੀ ਸਾਂਝਾ ਕਰਦੇ ਹਨ।
ਸ਼ੇਖ ਹਸੀਨਾ ਦੀ ਸਰਕਾਰ ਦੇ ਜਾਣ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤਿਆਂ ਵਿੱਚ ਵੱਡੀਆਂ ਚੁਣੌਤੀਆਂ ਹਨ। ਹਸੀਨਾ ਨੇ ਵਪਾਰ, ਸੁਰੱਖਿਆ ਅਤੇ ਪਾਣੀ ਦੀ ਵੰਡ ਵਰਗੇ ਖੇਤਰਾਂ ਵਿੱਚ ਸਹਿਯੋਗ 'ਤੇ ਜ਼ੋਰ ਦਿੰਦੇ ਹੋਏ ਭਾਰਤ ਨਾਲ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਜਨੀਤਿਕ ਤਬਦੀਲੀ ਦੁਵੱਲੇ ਪ੍ਰੋਜੈਕਟਾਂ ਨੂੰ ਪ੍ਰਭਾਵਤ ਕਰ ਸਕਦੀ ਹੈ, ਸੰਭਾਵੀ ਤੌਰ 'ਤੇ ਨਦੀਆਂ ਦੇ ਪਾਣੀ ਦੀ ਵੰਡ ਅਤੇ ਪ੍ਰਵਾਸ ਵਰਗੇ ਮੁੱਦਿਆਂ 'ਤੇ ਤਣਾਅ ਵਧ ਸਕਦੀ ਹੈ।