ਹੈਦਰਾਬਾਦ: ਮਿਰਚ ਦਾ ਇਸਤੇਮਾਲ ਹਰ ਘਰ 'ਚ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਪਰ ਮਿਰਚ ਕੱਟਣ ਤੋਂ ਬਾਅਦ ਕਈ ਲੋਕਾਂ ਦੇ ਹੱਥਾਂ 'ਚ ਜਲਨ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਪਾਣੀ ਨਾਲ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਕਈ ਵਾਰ ਇਸ ਨਾਲ ਵੀ ਰਾਹਤ ਨਹੀਂ ਮਿਲਦੀ ਹੈ। ਇਸ ਲਈ ਤੁਸੀਂ ਕੁਝ ਹੋਰ ਤਰੀਕੇ ਅਜ਼ਮਾ ਕੇ ਇਸ ਜਲਨ ਤੋਂ ਰਾਹਤ ਪਾ ਸਕਦੇ ਹੋ।
ਮਿਰਚ ਕੱਟਣ ਤੋਂ ਬਾਅਦ ਜਲਨ ਕਿਉ ਹੁੰਦੀ ਹੈ?: ਮਿਰਚ 'ਚ ਕੈਪਸੈਸੀਨ ਨਾਂ ਦਾ ਰਸਾਇਣ ਪਾਇਆ ਜਾਂਦਾ ਹੈ, ਜੋ ਕੁਝ ਮਿਰਚਾਂ ਵਿੱਚ ਘੱਟ ਅਤੇ ਕਈਆਂ ਵਿੱਚ ਜ਼ਿਆਦਾ ਹੋ ਸਕਦਾ ਹੈ। ਇਸ ਲਈ ਜਦੋਂ ਮਿਰਚਾਂ ਨੂੰ ਕੱਟਿਆ ਜਾਂਦਾ ਹੈ, ਤਾਂ ਇਹ ਕੈਮੀਕਲ ਚਮੜੀ ਦੇ ਸੰਪਰਕ 'ਚ ਆਉਂਦਾ ਹੈ, ਜਿਸ ਕਾਰਨ ਹੱਥਾਂ 'ਚ ਜਲਨ ਹੋਣ ਲੱਗਦੀ ਹੈ। ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ। ਕੁਝ ਘੰਟਿਆਂ ਵਿੱਚ ਇਹ ਜਲਨ ਆਪਣੇ ਆਪ ਠੀਕ ਹੋ ਜਾਂਦੀ ਹੈ। ਇਸ ਜਲਨ ਨੂੰ ਤਰੁੰਤ ਰਾਹਤ ਪਾਉਣ ਲਈ ਤੁਸੀਂ ਕੁਝ ਉਪਾਅ ਵੀ ਅਜ਼ਮਾ ਸਕਦੇ ਹੋ।
ਹੱਥਾਂ ਦੀ ਜਲਨ ਤੋਂ ਰਾਹਤ ਪਾਉਣ ਦੇ ਤਰੀਕੇ:
ਦਹੀ, ਘਿਓ ਅਤੇ ਦੁੱਧ: ਮਿਰਚ ਕੱਟਣ ਤੋਂ ਬਾਅਦ ਹੱਥਾਂ 'ਚ ਹੋਣ ਵਾਲੀ ਜਲਨ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੇ ਹੱਥਾਂ 'ਤੇ ਠੰਡਾ ਦੁੱਧ, ਘਿਓ, ਮੱਖਣ ਜਾਂ ਫਿਰ ਦਹੀ ਲਗਾ ਸਕਦੇ ਹੋ। ਇਸਨੂੰ ਦੋ ਮਿੰਟ ਤੱਕ ਆਪਣੇ ਹੱਥਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਪਾਣੀ ਨਾਲ ਹੱਥਾਂ ਨੂੰ ਧੋ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਚਮੜੀ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਮਿਰਚ ਕੱਟਣ ਤੋਂ ਬਾਅਦ ਹੱਥਾਂ 'ਚ ਹੋ ਰਹੀ ਜਲਨ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਐਲੋਵੇਰਾ ਜੈੱਲ ਨੂੰ ਹੱਥਾਂ 'ਤੇ ਕਰੀਮ ਦੀ ਤਰ੍ਹਾਂ ਲਗਾਓ ਜਾਂ ਫਿਰ ਮਸਾਜ ਕਰੋ। ਇਸ ਨਾਲ ਤੁਹਾਨੂੰ ਜਲਨ ਤੋਂ ਆਰਾਮ ਮਿਲੇਗਾ।
ਸ਼ਹਿਦ:ਸ਼ਹਿਦ ਵੀ ਫਾਇਦੇਮੰਦ ਹੋ ਸਕਦਾ ਹੈ। ਮਿਰਚ ਕੱਟਣ ਤੋਂ ਬਾਅਦ ਹੱਥਾਂ 'ਚ ਹੋ ਰਹੀ ਜਲਨ ਨੂੰ ਦੂਰ ਕਰਨ ਲਈ ਹੱਥਾਂ 'ਤੇ ਸ਼ਹਿਦ ਲਗਾਓ। ਸ਼ਹਿਦ ਵਿੱਚ ਤੁਸੀਂ ਥੋੜ੍ਹੀ ਮਾਤਰਾ ਵਿੱਚ ਨਿੰਬੂ ਦਾ ਰਸ ਮਿਲਾ ਕੇ ਵੀ ਲਗਾ ਸਕਦੇ ਹੋ।
ਬਰਫ਼:ਬਰਫ਼ ਠੰਡੀ ਹੁੰਦੀ ਹੈ। ਇਸ ਨਾਲ ਜਲਨ ਤੋਂ ਆਰਾਮ ਮਿਲੇਗਾ। ਇਸ ਲਈ ਆਪਣੇ ਹੱਥਾਂ 'ਤੇ ਬਰਫ਼ ਨਾਲ ਮਸਾਜ ਕਰੋ। ਤੁਸੀਂ ਠੰਡੇ ਪਾਣੀ 'ਚ ਹੱਥ ਭਿਓ ਕੇ ਵੀ ਇਸ ਜਲਨ ਤੋਂ ਆਰਾਮ ਪਾ ਸਕਦੇ ਹੋ।