ਹੈਦਰਾਬਾਦ:ਸੌਂਦੇ ਸਮੇਂ ਸਾਡੇ ਸਰੀਰ ਨੂੰ ਆਰਾਮ ਮਿਲਦਾ ਹੈ। ਇਸ ਲਈ ਰਾਤ ਨੂੰ ਸਹੀ ਤਰੀਕੇ ਨਾਲ ਸੌਣਾ ਬਹੁਤ ਜ਼ਰੂਰੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਤੁਹਾਨੂੰ ਸੌਣ ਦੇ ਸਹੀ ਤਰੀਕੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਗਲਤ ਤਰੀਕੇ ਨਾਲ ਸੌਣਾ ਸਿਹਤ 'ਤੇ ਭਾਰੀ ਪੈ ਸਕਦਾ ਹੈ। ਸੌਣ ਦੇ ਹਰ ਤਰੀਕੇ ਦੇ ਆਪਣੇ ਅਲੱਗ ਫਾਇਦੇ ਅਤੇ ਨੁਕਸਾਨ ਹੁੰਦੇ ਹਨ। ਕਈ ਲੋਕ ਸੱਜੇ ਅਤੇ ਖੱਬੇ ਪਾਸੇ ਸੌਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਪੇਟ ਦੇ ਭਾਰ ਸੌਂਦੇ ਹਨ। ਹਾਲਾਂਕਿ, ਇਨ੍ਹਾਂ ਤਰੀਕਿਆਂ ਦੇ ਕਈ ਫਾਇਦੇ ਅਤੇ ਨੁਕਸਾਨ ਹੋ ਸਕਦੇ ਹਨ।
ਸੌਣ ਦੇ ਤਰੀਕੇ:
ਖੱਬੇ ਪਾਸੇ ਸੌਣਾ: ਖੱਬੇ ਪਾਸੇ ਸੌਣ ਨਾਲ ਖਰਾਬ ਪਾਚਨ ਵਰਗੀਆਂ ਸਮੱਸਿਆਵਾਂ ਤੋਂ ਬਚਣ 'ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਸੌਣ ਨਾਲ ਖਾਣਾ ਪਚਨ 'ਚ ਵੀ ਆਸਾਨੀ ਹੁੰਦੀ ਹੈ। ਗਰਭਵਤੀ ਔਰਤਾਂ, ਗੈਸ ਤੋਂ ਪੀੜਿਤ ਲੋਕਾਂ ਅਤੇ ਅੰਤੜੀਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕਾਂ ਲਈ ਖੱਬੇ ਪਾਸੇ ਸੌਣਾ ਫਾਇਦੇਮੰਦ ਹੋ ਸਕਦਾ ਹੈ।
ਸੱਜੇ ਪਾਸੇ ਸੌਣਾ ਫਾਇਦੇਮੰਦ: ਸੱਜੇ ਪਾਸੇ ਸੌਣਾ ਦਿਲ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਦਿਲ 'ਤੇ ਦਬਾਅ ਘੱਟ ਪੈਂਦਾ ਹੈ, ਜੋ ਕਿ ਦਿਲ ਦੇ ਮਰੀਜਾਂ ਲਈ ਫਾਇਦੇਮੰਦ ਹੁੰਦਾ ਹੈ। ਸਾਡਾ ਦਿਲ ਖੱਬੇ ਪਾਸੇ ਹੁੰਦਾ ਹੈ ਅਤੇ ਇਸ ਪਾਸੇ ਸੌਣ ਨਾਲ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਸੱਜੇ ਪਾਸੇ ਸੌਣ ਨਾਲ ਅਲਜ਼ਾਈਮਰ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜਦੋ ਅਸੀ ਸੌਦੇ ਹਾਂ, ਤਾਂ ਦਿਮਾਗ 'ਚ ਮੌਜ਼ੂਦ ਗਲਾਈਮਫੈਟਿਕ ਪ੍ਰਣਾਲੀ ਨਿਊਰੋਨਸ ਤੋਂ ਨਿਕਲਣ ਵਾਲੇ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਕਰਦੀ ਹੈ। ਜੇਕਰ ਇਹ ਜ਼ਹਿਰੀਲੇ ਪਦਾਰਥ ਦਿਮਾਗ ਤੋਂ ਸਾਫ਼ ਨਾ ਕੀਤੇ ਜਾਣ, ਤਾਂ ਅਲਜ਼ਾਈਮਰ ਅਤੇ ਹੋਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ।
ਪਿੱਠ ਦੇ ਭਾਰ ਸੌਣਾ: ਪਿੱਠ ਦੇ ਭਾਰ ਸੌਣ ਨਾਲ ਗਰਦਨ ਅਤੇ ਪਿੱਠ ਦੇ ਦਰਦ ਤੋਂ ਆਰਾਮ ਮਿਲਦਾ ਹੈ। ਇਸ ਲਈ ਜੇਕਰ ਤੁਸੀਂ ਪਿੱਠ ਦੇ ਦਰਦ ਤੋਂ ਪਰੇਸ਼ਾਨ ਹੋ, ਤਾਂ ਪਿੱਠ ਦੇ ਭਾਰ ਸੌਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਤੁਹਾਡੀ ਪਿੱਠ ਅਤੇ ਗਰਦਨ ਨੂੰ ਸਹਾਰਾ ਮਿਲਦਾ ਹੈ।
ਪੇਟ ਦੇ ਭਾਰ ਸੌਂਦੇ ਸਮੇਂ ਹੋ ਸਕਦੈ ਨੁਕਸਾਨ: ਪੇਟ ਦੇ ਭਾਰ ਸੌਂਦੇ ਸਮੇਂ ਗਰਦਨ ਅਤੇ ਪਿੱਠ 'ਤੇ ਦਬਾਅ ਪੈਂਦਾ ਹੈ, ਜਿਸ ਕਰਕੇ ਦਰਦ ਸ਼ੁਰੂ ਹੋ ਸਕਦਾ ਹੈ। ਇਸ ਕਾਰਨ ਰੀੜ੍ਹ ਦੀ ਹੱਡੀ ਵੀ ਝੁੱਕ ਸਕਦੀ ਹੈ। ਇਸ ਲਈ ਪੇਟ ਦੇ ਭਾਰ ਸੌਂਦੇ ਸਮੇਂ ਗਰਦਨ ਦੇ ਥੱਲੇ ਸਿਰਹਾਣੇ ਦਾ ਇਸਤੇਮਾਲ ਨਾ ਕਰੋ, ਪਰ ਪਿੱਠ ਦੇ ਹੇਠਲੇ ਪਾਸੇ ਸਹਾਰਾ ਦੇਣ ਲਈ ਇੱਕ ਸਿਰਹਾਣਾ ਰੱਖ ਸਕਦੇ ਹੋ। ਪੇਟ ਦੇ ਭਾਰ ਸੌਣ ਨਾਲ ਕੁਝ ਲਾਭ ਵੀ ਮਿਲ ਸਕਦੇ ਹਨ। ਇਨ੍ਹਾਂ ਲਾਭਾਂ 'ਚ ਘੁਰਾੜੇ ਘੱਟ ਆਉਣਾ, ਫੇਫੜਿਆਂ ਵਿੱਚ ਆਕਸੀਜਨ ਦੀ ਮਾਤਰਾ ਦਾ ਵੱਧਣਾ ਸ਼ਾਮਲ ਹੈ। ਇਸ ਨਾਲ ਕੁਝ ਨੁਕਸਾਨ ਵੀ ਹੋ ਸਕਦਾ ਹੈ। ਪੇਟ ਦੇ ਭਾਰ ਸੌਣ ਨਾਲ ਚਿਹਰੇ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਝੁਰੜੀਆਂ ਦੀ ਸਮੱਸਿਆ ਆ ਸਕਦੀ ਹੈ।